#AMERICA

ਅਮਰੀਕਾ ‘ਚ ਬਜ਼ੁਰਗ ਸੀਨੀਅਰ ਸਿਟੀਜ਼ਨਾਂ ਤੋਂ 3.5 ਮਿਲੀਅਨ ਡਾਲਰ ਦੀ ਠੱਗੀ ਮਾਰਨ ਵਾਲੇ ਭਾਰਤੀ ਨੂੰ 16 ਸਾਲ ਦੀ ਕੈਦ

– ਸਜ਼ਾ ਪੂਰੀ ਹੋਣ ‘ਤੇ ਕੀਤਾ ਜਾਵੇਗਾ ਡਿਪੋਰਟ
ਨਿਊਯਾਰਕ, 4 ਦਸੰਬਰ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ‘ਚ ਸ਼ਹਿਰ ਦੇ ਨਾਗਰਿਕਾਂ ਨਾਲ ਧੋਖਾਧੜੀ ਕਰਨ ਦੇ ਵੱਡੇ ਘਪਲੇ ‘ਚ ਇਕ ਗੁਜਰਾਤੀ ਵਿਅਕਤੀ ਨੂੰ ਪੀੜਤਾਂ ਦੇ ਘਰਾਂ ‘ਚ ਭੇਜ ਕੇ ਨਕਦੀ ਇਕੱਠੀ ਕਰਨ ਦੇ ਦੋਸ਼ ‘ਚ ਅਦਾਲਤ ਨੇ 16 ਸਾਲ ਦੀ ਸਜ਼ਾ ਸੁਣਾਈ ਹੈ। ਟੈਕਸਾਸ ਦੇ ਦੱਖਣੀ ਜ਼ਿਲ੍ਹੇ ਦੇ ਅਟਾਰਨੀ ਦਫਤਰ ਦੇ ਅਨੁਸਾਰ, 39 ਸਾਲਾ ਸੋਹਿਲ ਵੋਹਰਾ ‘ਤੇ ਮੇਲ ਫਰਾਡ ਅਤੇ ਵਾਇਰ ਫਰਾਡ ਦਾ ਦੋਸ਼ ਲਗਾਇਆ ਗਿਆ ਸੀ। ਸੋਹਿਲ ਵੋਹਰਾ ਜੋ ਗ੍ਰੇਟਰ ਸ਼ਿਕਾਗੋ ਵਿਚ ਰਹਿੰਦਾ ਹੈ ਅਤੇ ਉਸ ਕੋਲ ਅਮਰੀਕਾ ਦੀ ਸਥਾਈ ਰਿਹਾਇਸ਼ ਭਾਵ ਗ੍ਰੀਨ ਕਾਰਡ ਹੈ, ਨੂੰ 188 ਮਹੀਨੇ ਜੇਲ੍ਹ ਕੱਟਣੀ ਪਵੇਗੀ ਅਤੇ ਪੀੜਤਾਂ ਤੋਂ ਵਸੂਲੇ ਗਏ 3.5 ਮਿਲੀਅਨ ਡਾਲਰ ਵੀ ਵਾਪਸ ਕਰਨੇ ਪੈਣਗੇ। ਅਦਾਲਤੀ ਸੁਣਵਾਈ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਸੋਹਿਲ ਵੋਹਰਾ ਦੀ ਧੋਖਾਧੜੀ ਦਾ ਸ਼ਿਕਾਰ ਹੋਏ 80 ਫੀਸਦੀ ਸੀਨੀਅਰ ਸਿਟੀਜ਼ਨ ਸਨ, ਜਿਨ੍ਹਾਂ ਵਿਚੋਂ 33 ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਅਦਾਲਤ ਵਿਚ ਗਵਾਹੀ ਦਿੱਤੀ ਸੀ। ਜਿਸ ਰੈਕੇਟ ਵਿਚ ਸੋਹਿਲ ਵੋਹਰਾ ਸ਼ਾਮਲ ਸੀ, ਉਹ ਭਾਰਤ ਵਿਚ ਚੱਲ ਰਹੇ ਕਾਲ ਸੈਂਟਰਾਂ ਰਾਹੀਂ ਅਮਰੀਕਾ ਦੇ ਸੀਨੀਅਰ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਤੋਂ ਪੈਸੇ ਇਕੱਠੇ ਕਰਦਾ ਸੀ। ਆਖ਼ਰਕਾਰ ਇਹ ਘੁਟਾਲਾ ਸੋਹਿਲ ਵੋਹਰਾ ਤੱਕ ਪਹੁੰਚ ਗਿਆ, ਜਦੋਂ ਸੋਹਿਲ ਵੋਹਰਾ ਜਿਨ੍ਹਾਂ ਲੋਕਾਂ ਨੂੰ ਪੈਸੇ ਇਕੱਠੇ ਕਰਨ ਲਈ ਭੇਜ ਰਿਹਾ ਸੀ, ਉਨ੍ਹਾਂ ਵਿਚੋਂ ਕੁਝ ਫੜੇ ਗਏ ਅਤੇ ਉਸ ਨੂੰ ਵੀ 2023 ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਅਦਾਲਤ ਵਿਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਅਨੁਸਾਰ 2017 ਤੋਂ 2022 ਦਰਮਿਆਨ ਸੋਹਿਲ ਵੋਹਰਾ ਨੇ ਅਮਰੀਕਾ ਵਿਚ ਆਪਣੇ ਬੰਦਿਆਂ ਰਾਹੀਂ ਲੱਖਾਂ ਡਾਲਰ ਇਕੱਠੇ ਕੀਤੇ। ਆਪਣੀ ਗ੍ਰਿਫਤਾਰੀ ਤੋਂ ਬਾਅਦ, ਸੋਹਿਲ ਵੋਹਰਾ ਨੇ 23 ਅਕਤੂਬਰ 2023 ਨੂੰ ਅਦਾਲਤ ‘ਚ ਆਪਣਾ ਜੁਰਮ ਕਬੂਲ ਕਰ ਲਿਆ ਸੀ ਅਤੇ ਹਾਲ ਹੀ ਵਿਚ ਉਸ ਨੂੰ ਸਜ਼ਾ ਸੁਣਾਈ ਗਈ।