#AMERICA

ਅਮਰੀਕਾ ’ਚ ਫਲਸਤੀਨੀ ਸਕਾਰਫ ਪਹਿਣੀ ਭਾਰਤੀ ਮੂਲ ਦੇ ਵਿਅਕਤੀ ’ਤੇ ਗਰਮ ਕੌਫੀ ਦਾ ਕੱਪ ਸੁੱਟਣ ਵਾਲੀ ਔਰਤ ਦੇ ਗ੍ਰਿਫਤਾਰੀ ਵਾਰੰਟ ਜਾਰੀ

ਸੈਕਰਾਮੈਂਟੋ, 19 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਇਕ ਖੇਡ ਮੈਦਾਨ ਵਿਚ ਇਕ ਭਾਰਤੀ ਅਮਰੀਕੀ ਵਿਅਕਤੀ ਅਤੇ ਉਸ ਦੇ 18 ਮਹੀਨਿਆਂ ਦੇ ਪੁੱਤਰ ਉਪਰ ਇਕ ਔਰਤ ਵੱਲੋਂ ਕੌਫੀ ਦਾ ਗਰਮ ਕੱਪ ਸੁੱਟੇ ਜਾਣ ਦੀ ਖਬਰ ਹੈ। ਪੁਲਿਸ ਨੇ ਉਸ ਔਰਤ ਦੀ ਪਛਾਣ ਕਰ ਲਈ ਹੈ ਤੇ ਉਸ ਦੀ ਗ੍ਰਿਫਤਾਰੀ ਲਈ ਵਾਰੰਟ ਜਾਰੀ ਕਰ ਦਿੱਤੇ ਹਨ। ਇਹ ਘਟਨਾ ਬਰੁੱਕਲਿਨ ਦੇ ਐਡਮੌਂਡਜ ਖੇਡ ਮੈਦਾਨ ਵਿਚ ਉਸ ਵੇਲੇ ਵਾਪਰੀ ਜਦੋਂ ਅਸ਼ੀਸ਼ ਪ੍ਰਾਸ਼ਰ (40) ਆਪਣੇ 18 ਮਹੀਨਿਆਂ ਦੇ ਪੁੱਤਰ ਨਾਲ ਖੇਡ ਰਿਹਾ ਸੀ। ਪ੍ਰਾਸ਼ਰ ਅਨੁਸਾਰ ਇਕ ਔਰਤ ਜਿਸ ਨੇ ਆਪਣੇ ਆਪ ਨੂੰ ਅਮਰੀਕੀ ਯਹੂਦੀ ਦੱਸਿਆ, ਨੇ ਉਸ ਦੇ ਰਵਾਇਤੀ ਫਲਸਤੀਨੀ ਸਕਾਰਫ ਪਾਇਆ ਹੋਇਆ ਵੇਖਿਆ ਤਾਂ ਉਹ ਚਿੜ੍ਹ ਗਈ ਤੇ ਉਸ ਨੇ ਮੇਰੇ ਤੇ ਮੇਰੇ ਪੁੱਤਰ ਉਪਰ ਹਮਲਾ ਕਰ ਦਿੱਤਾ। ਇਕ ਪੋਸਟ ਵਿਚ ਪ੍ਰਾਸ਼ਰ ਨੇ ਜਾਣਕਾਰੀ ਦਿੱਤੀ ਹੈ ਕਿ ਔਰਤ ਦੇ ਗ੍ਰਿਫਤਾਰੀ ਵਾਰੰਟ ਜਾਰੀ ਹੋ ਗਏ ਹਨ ਤੇ ਅਸੀਂ ਉਸ ਦੀ ਗ੍ਰਿਫਤਾਰੀ ਦੀ ਉਡੀਕ ਵਿਚ ਹਾਂ। ਹਮਲਾ ਕਰਨ ਤੋਂ ਪਹਿਲਾਂ ਔਰਤ ਨੇ ਕਿਹਾ ਤੁਸੀਂ ਹਮਾਸ ਦਾ ਸਮਰਥਨ ਕਰਦੇ ਹੋ? ਕੀ ਤੁਸੀਂ ਜਾਣਦੇ ਹੋ ਕਿ ਉਹ ਅੱਤਵਾਦੀ ਹਨ? ਜਦੋਂ ਪ੍ਰਾਸ਼ਰ ਨੇ ਆਪਣੇ ਫੋਨ ’ਤੇ ਘਟਨਾ ਨੂੰ ਰਿਕਾਰਡ ਕਰਨ ਦਾ ਯਤਨ ਕੀਤਾ ਤਾਂ ਔਰਤ ਨੇ ਪਹਿਲਾਂ ਆਪਣਾ ਫੋਨ ਉਸ ਦੇ ਮਾਰਿਆ ਤੇ ਫਿਰ ਗਰਮ ਕੌਫੀ ਦਾ ਕੱਪ ਉਸ ਵੱਲ ਮਾਰਿਆ ਪਰੰਤੂ ਇਸ ਹਮਲੇ ਵਿਚ ਪ੍ਰਾਸ਼ਰ ਤੇ ਉਸ ਦਾ ਪੁੱਤਰ ਵਾਲ ਵਾਲ ਬਚ ਗਏ। ਪੁਲਿਸ ਨੇ ਔਰਤ ਦਾ ਨਾਂ ਨਹੀਂ ਦੱਸਿਆ ਹੈ ਤੇ ਕਿਹਾ ਹੈ ਕਿ ਉਹ ਸਥਾਨਕ ਵਾਸੀ ਹੈ।