#AMERICA

ਅਮਰੀਕਾ ‘ਚ ਪੰਜਾਬੀ ਰਵਿੰਦਰ ਸਿੰਘ ਕਾਹਲੋਂ ‘ਤੇ ਨਫ਼ਰਤੀ ਹਮਲਾ

ਕੈਲੀਫੋਰਨੀਆ, 16 ਮਈ (ਪੰਜਾਬ ਮੇਲ)- ਸਥਾਨਕ ਭਾਈਚਾਰਕ ਕੰਮਾਂ ‘ਚ ਵਿਚਰਨ ਵਾਲੇ ਰਵਿੰਦਰ ਸਿੰਘ ਕਾਹਲੋਂ ‘ਤੇ ਬੀਤੇ ਦਿਨੀਂ ਸ਼ਾਮ ਸਮੇਂ ਜਦੋਂ ਉਹ ਆਪਣੀ ਕਾਰ ‘ਚ ਨਾਰਥ ਹਾਈਲੈਂਡਸ ਸ਼ਹਿਰ ਵਿਖੇ ਵਾਟ ਐਵੀਨਿਊ ‘ਤੇ ਆਰਕੋ ਗੈਸ ਸਟੇਸ਼ਨ ਤੋਂ ਗੈਸ ਪਵਾ ਰਹੇ ਸਨ, ਤਾਂ ਪਿੱਛੋਂ ਆਏ ਗੋਰੇ ਜੋੜੇ ਵਲੋਂ ਉਨ੍ਹਾਂ ਨੂੰ ਉਨ੍ਹਾਂ ਦੀ ਪੱਗ ਵਾਲੀ ਦਿੱਖ ਕਰਕੇ ‘ਓਸਾਮਾ ਬਿਨ ਲਾਦੇਨ’, ‘ਅੱਤਵਾਦੀ’ ਤੇ ‘ਮੁਸਲਮਾਨ’ ਵਰਗੇ ਸ਼ਬਦਾਂ ਦੇ ਨਾਲ-ਨਾਲ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਰਵਿੰਦਰ ਸਿੰਘ ਕਾਹਲੋਂ ਦੇ ਦੱਸਣ ਅਨੁਸਾਰ ਉਹ ਬਿਲਕੁਲ ਸ਼ਾਂਤ ਰਹੇ ਤੇ ਜਦੋਂ ਉਹ ਨਫ਼ਰਤੀ ਇਨਸਾਨ ਨਾ ਹਟਿਆ ਤਾਂ ਕਾਹਲੋਂ ਨੇ ਉਸ ਨੂੰ ਕਿਹਾ ਕਿ ਤੂੰ ਗਲਤ ਬੋਲ ਰਿਹਾ ਏਂ ਅਤੇ ਪਹਿਲਾਂ ਸਿੱਖਾਂ ਬਾਰੇ ਜਾਣਕਾਰੀ ਲੈ ਤੇ ਉਹ ਫਿਰ ਵੀ ਨਾ ਹੋਇਆ। ਇਸ ਤੋਂ ਬਾਅਦ ਜਦੋਂ ਰਵਿੰਦਰ ਸਿੰਘ ਕਾਹਲੋਂ ਆਪਣੇ ਫੋਨ ਤੋਂ ਪੁਲਿਸ ਨੂੰ ਕਾਲ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਤਾਂ ਉਸ ਗੋਰੇ ਨੇ ਕਾਹਲੋਂ ਸਾਹਿਬ ਤੋਂ ਫੋਨ ਖੋਹ ਕੇ ਜ਼ਮੀਨ ‘ਤੇ ਮਾਰ ਕੇ ਤੋੜ ਦਿੱਤਾ ਤੇ ਫੋਨ ਚੁੱਕ ਕੇ ਆਪਣੀ ਕਾਰ ‘ਚ ਦੌੜ ਗਏ। ਇਸ ਦੌਰਾਨ ਪੁਲਿਸ ਸ਼ੈਰਿਫ਼ ਨੂੰ ਰਿਪੋਰਟ ਕਰ ਦਿੱਤੀ ਗਈ ਹੈ, ਇਸ ਉਪਰੰਤ ਐੱਫ.ਬੀ.ਆਈ. ਨੂੰ ਵੀ ਈ-ਮੇਲ ਕਰਕੇ ਰਿਪੋਰਟ ਕਰ ਦਿੱਤੀ ਗਈ ਹੈ। ਇਹ ਸਾਰੀ ਘਟਨਾ ਆਰਕੋ ਗੈਸ ਸਟੇਸ਼ਨ ਦੇ ਕੈਮਰਿਆਂ ਵਿਚ ਕੈਦ ਹੋ ਗਈ ਤੇ ਪੁਲਿਸ ਇਸ ਘਟਨਾ ਦੀ ਤਫਤੀਸ਼ ਕਰ ਰਹੀ ਹੈ। ਦੂਸਰੇ ਪਾਸੇ ਸਿੱਖਾਂ ਲਈ ਲੜਨ ਵਾਲੀਆਂ ਵੱਖ-ਵੱਖ ਸਿੱਖ ਤੇ ਗ਼ੈਰ-ਸਿੱਖ ਸੰਸਥਾਵਾਂ ਨੂੰ ਵੀ ਕਾਨੂੰਨੀ ਮਦਦ ਲਈ ਗੁਹਾਰ ਲਾਈ ਹੈ ਤਾਂ ਜੋ ਕਿਸੇ ਹੋਰ ਸਿੱਖ ਨਾਲ ਅੱਗੇ ਤੋਂ ਅਜਿਹਾ ਨਾ ਵਾਪਰੇ।