#INDIA

ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਭੇਤ-ਭਰੀ ਹਾਲਤ ‘ਚ ਮੌਤ

ਮੁਕੇਰੀਆਂ, 6 ਜੁਲਾਈ (ਪੰਜਾਬ ਮੇਲ)- ਨੇੜਲੇ ਕਸਬੇ ਐਮਾ ਮਾਂਗਟ ਦੇ ਮਰਚੈਂਟ ਨੇਵੀ ਵਿਚ ਨੌਕਰੀ ਕਰਦੇ ਨੌਜਵਾਨ ਦੀ ਅਮਰੀਕਾ ਦੇ ਫਲੋਰਿਡਾ ਦੇ ਮਿਆਮੀ ਸ਼ਹਿਰ ਵਿਚ ਸਮੁੰਦਰੀ ਜਹਾਜ਼ ਵਿਚ ਭੇਤ-ਭਰੀ ਹਾਲਤ ਵਿਚ ਮੌਤ ਹੋ ਗਈ। ਪਰਿਵਾਰ ਨੂੰ ਮਰਚੈਂਟ ਨੇਵੀ ਦੇ ਅਮਰੀਕਾ ਸਥਿਤ ਦਫ਼ਤਰ ਤੋਂ ਫੋਨ ਰਾਹੀਂ ਇਸ ਦੀ ਸੂਚਨਾ ਦਿੱਤੀ।
ਬਜ਼ੁਰਗ ਪਿਤਾ ਠਾਕੁਰ ਬਲਵਾਨ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਨਰਿੰਦਰ ਪਾਲ ਮਰਚੈਂਟ ਨੇਵੀ ਵਿਚ ਨੌਕਰੀ ਕਰਦਾ ਸੀ ਅਤੇ ਮਾਰਚ ਮਹੀਨੇ ਹੀ ਘਰ ਤੋਂ ਛੁੱਟੀ ਕੱਟ ਕੇ ਵਾਪਸ ਡਿਊਟੀ ‘ਤੇ ਗਿਆ ਸੀ। ਉਨ੍ਹਾਂ ਦੱਸਿਆ ਕਿ ਪੁੱਤਰ ਦੀ ਮੌਤ ਬਾਰੇ ਉਨ੍ਹਾਂ ਨੂੰ ਅਮਰੀਕਾ ਵਿਚਲੇ ਦਫ਼ਤਰ ਤੋਂ ਆਏ ਫੋਨ ਤੋਂ ਪਤਾ ਲੱਗਿਆ ਹੈ। ਉਨ੍ਹਾਂ ਕਿਹਾ ਕਿ ਉਸ ਦੇ ਪੁੱਤਰ ਦੀ ਮੌਤ ਦੇ ਕਾਰਨਾਂ ਬਾਰੇ ਭੇਤ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਅਮਰੀਕਾ ਤੋਂ ਆਏ ਫੋਨ ‘ਤੇ ਵਾਪਸ ਕਾਲ ਕੀਤੀ ਪਰ ਕਿਸੇ ਨੇ ਫੋਨ ਨਹੀਂ ਚੁੱਕਿਆ। ਨਰਿੰਦਰ ਦਾ ਫੋਨ ਬੰਦ ਆ ਰਿਹਾ ਹੈ। ਪਰਿਵਾਰ ਨੇ ਸਰਕਾਰ ਕੋਲੋਂ ਮ੍ਰਿਤਕ ਨੌਜਵਾਨ ਦੀ ਦੇਹ ਭਾਰਤ ਲਿਆਉਣ ਤੇ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਮੰਗ ਕੀਤੀ ਹੈ।