#AMERICA

ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

– ਡਰਾਈਵਿੰਗ ਲਾਇਸੈਂਸ ਬਣਨ ‘ਤੇ ਗੁਰੂ ਘਰ ਸ਼ੁਕਰਾਨਾ ਕਰਕੇ ਆ ਰਿਹਾ ਸੀ ਘਰ
– ਇਕ ਸਾਲ ਪਹਿਲਾਂ ਹੀ 43 ਲੱਖ ਰੁਪਏ ਖ਼ਰਚ ਕਰਕੇ ਕੈਲੇਫੋਰਨੀਆ ਗਿਆ ਸੀ ਮ੍ਰਿਤਕ
ਸੈਕਰਾਮੈਂਟੋ, 29 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਹਿਚਾਣ ਜੁਗਰਾਜ ਸਿੰਘ ਪੁੱਤਰ ਦਿਲਬਾਗ ਸਿੰਘ ਵਜੋਂ ਹੋਈ ਹੈ। ਮ੍ਰਿਤਕ ਅਜਨਾਲਾ ਦੀ ਹੱਦ ਨਾਲ ਲੱਗਦੇ ਪਿੰਡ ਇਬਰਾਹਿਮਪੁਰਾ ਦਾ ਰਹਿਣ ਵਾਲਾ ਸੀ।
ਮਿਲੀ ਜਾਣਕਾਰੀ ਅਨੁਸਾਰ ਜੁਗਰਾਜ ਸਿੰਘ ਨੂੰ ਬੀਤੇ ਦਿਨੀਂ ਉਸ ਦਾ ਡਰਾਈਵਿੰਗ ਲਾਇਸੈਂਸ ਤਿਆਰ ਹੋਣ ਸਬੰਧੀ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਉਹ ਗੁਰਦੁਆਰਾ ਸਾਹਿਬ ਵਿਖੇ ਸ਼ੁਕਰਾਨਾ ਕਰਕੇ ਘਰ ਆ ਰਿਹਾ ਸੀ। ਰਸਤੇ ਵਿਚ ਉਸ ਦੀ ਗੱਡੀ ਦਾ ਐਕਸੀਡੈਂਟ ਹੋਣ ਨਾਲ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜੁਗਰਾਜ ਸਿੰਘ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਂਦਾ ਜਾਵੇ, ਤਾਂ ਜੋ ਅਸੀਂ ਉਸ ਦਾ ਅੰਤਿਮ ਸਸਕਾਰ ਪਿੰਡ ਵਿਚ ਕਰ ਸਕੀਏ।
ਉੱਧਰ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਜੁਗਰਾਜ ਸਿੰਘ ਨੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਰਾਹੀਂ ਇਕ ਤਸਵੀਰ ਪਰਿਵਾਰ ਨੂੰ ਭੇਜੀ ਸੀ, ਜੋ ਕਿ ਉਸ ਦੀ ਆਖ਼ਰੀ ਤਸਵੀਰ ਸਾਬਤ ਹੋਈ। ਮ੍ਰਿਤਕ ਜੁਗਰਾਜ ਸਿੰਘ ਚਾਰ ਭੈਣ ਭਰਾ ਸਨ, ਉਸ ਦੀਆਂ 2 ਵੱਡੀਆਂ ਭੈਣਾਂ ਹਨ, ਜੋ ਕਿ ਵਿਆਹੀਆਂ ਹੋਈਆਂ ਹਨ ਤੇ ਜੁਗਰਾਜ ਸਿੰਘ ਸਾਰੇ ਭੈਣ ਭਰਾਵਾਂ ਤੋਂ ਛੋਟਾ ਸੀ।