#PUNJAB

ਅਮਰੀਕਾ ਚ ਪੰਜਾਬੀਆਂ ਨੂੰ ਜਬਰੀ ਵਸੂਲੀ ਲਈ ਮਿਲ ਰਹੀਆਂ ਹਨ ਗੈਂਗਸਟਰਾਂ ਦੀਆਂ ਧਮਕੀਆਂ

ਜਲੰਧਰ, 23 ਮਈ (ਪੰਜਾਬ ਮੇਲ)-  ਅਮਰੀਕਾ ’ਚ ਅਮੀਰ ਭਾਰਤੀ ਜਬਰੀ ਵਸੂਲੀ ਕਰਨ ਵਾਲੇ ਗੈਂਗਸਟਰਾਂ ਦੇ ਨਿਸ਼ਾਨੇ ’ਤੇ ਹਨ। ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫ. ਬੀ. ਆਈ.) ਦੇ ਸੈਕਰਾਮੈਂਟੋ ਫੀਲਡ ਆਫਿਸ ਨੇ ਭਾਰਤ ਨਾਲ ਪਰਿਵਾਰਕ ਜਾਂ ਵਪਾਰਕ ਸਬੰਧ ਰੱਖਣ ਵਾਲੇ ਵਿਅਕਤੀਆਂ ਨੂੰ ਜਬਰੀ ਵਸੂਲੀ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ। ਐੱਫ. ਬੀ. ਆਈ. ਨੇ ਚਿਤਾਵਨੀ ’ਚ ਕਿਸੇ ਗੈਂਗ ਜਾਂ ਗੈਂਗਸਟਰ ਦਾ ਵਰਣਨ ਨਹੀਂ ਕੀਤਾ ਹੈ।

ਰਿਪੋਰਟ ’ਚ ਐੱਫ. ਬੀ. ਆਈ. ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਅਜਿਹੀ ਜਾਣਕਾਰੀ ਮਿਲੀ ਹੈ ਕਿ ਸ਼ਹਿਰ ’ਚ ਇਕ ਵੱਡਾ ਫਿਰੌਤੀ ਰੈਕੇਟ ਚੱਲ ਰਿਹਾ ਹੈ, ਜੋ ਭਾਰਤੀ ਮੂਲ ਦੇ ਲੋਕਾਂ ਨੂੰ ਡਰਾ-ਧਮਕਾ ਕੇ ਮੋਟੀ ਰਕਮ ਵਸੂਲ ਰਿਹਾ ਹੈ। ਪੈਸੇ ਨਾ ਦੇਣ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਤੇ ਕਈ ਥਾਵਾਂ ’ਤੇ ਗੋਲੀਆਂ ਵੀ ਚਲਾਈਆਂ ਗਈਆਂ ਹਨ। ਐੱਫ. ਬੀ. ਆਈ. ਨੇ ਇਕ ਹੈਲਪਲਾਈਨ ਨੰਬਰ ਜਾਰੀ ਕਰਕੇ ਉਥੇ ਰਹਿ ਰਹੇ ਸਾਰੇ ਭਾਰਤੀ ਮੂਲ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੁਲਸ ਨੂੰ ਵੱਧ ਤੋਂ ਵੱਧ ਅਜਿਹੇ ਮਾਮਲਿਆਂ ਬਾਰੇ ਜਾਣਕਾਰੀ ਦੇਣ ਤੇ ਮਾਮਲੇ ਦੀ ਰਿਪੋਰਟ ਕਰਨ।ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ’ਚ ਭਾਰਤੀ ਮੂਲ ਦੇ ਲੋਕਾਂ ਨੂੰ ਐੱਫ. ਬੀ. ਆਈ. ਵਲੋਂ ਜਾਰੀ ਕੀਤੀ ਗਈ ਇਸ ਚਿਤਾਵਨੀ ’ਤੇ ਭਾਰਤੀ ਖ਼ੁਫ਼ੀਆ ਏਜੰਸੀਆਂ ਵੀ ਨਜ਼ਰ ਰੱਖ ਰਹੀਆਂ ਹਨ।

ਭਾਰਤੀ ਜਾਂਚ ਏਜੰਸੀਆਂ ਦੇ ਅਨੁਸਾਰ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਜਿਵੇਂ ਫਰਿਜ਼ਨੋ, ਕੈਲੀਫੋਰਨੀਆ ਤੇ ਲੇਕ ਸਿਟੀ ’ਚ ਭਾਰਤ ਤੋਂ ਫਰਾਰ ਮੋਸਟ ਵਾਂਟੇਡ ਗੈਂਗਸਟਰ ਫੈਲੇ ਹੋਏ ਹਨ।