#AMERICA

ਅਮਰੀਕਾ ‘ਚ ਪੰਜਾਬਣ ਸਣੇ 2 ਜਣਿਆਂ ਦੀ ਅੱਗ ਲੱਗਣ ਨਾਲ ਮੌਤ

ਨਿਊਜਰਸੀ, 6 ਮਾਰਚ (ਪੰਜਾਬ ਮੇਲ)- ਨਿਊਜਰਸੀ ਸੂਬੇ ਦੇ ਟੀਨੈਕ ਕਸਬੇ ‘ਚ ਘਰ ਦੇ ਬੇਸਮੈਂਟ ਅੰਦਰ ਅੱਗ ਲੱਗਣ ਕਾਰਨ ਦੋ ਪੰਜਾਬੀਆਂ ਦੇ ਮਾਰੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਾਰੇ ਗਏ ਦੋ ਜਣਿਆਂ ਦੀ ਸ਼ਨਾਖਤ ਰਣਜੋਧ ਸਿੰਘ ਅਤੇ ਮਨਜਿੰਦਰ ਕੌਰ ਵਜੋਂ ਕੀਤੀ ਗਈ ਹੈ। ਜਦਕਿ ਰਣਜੋਧ ਸਿੰਘ (35) ਦੀ ਪਤਨੀ ਮਨਜੀਤ ਕੌਰ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ 35 ਸਾਲ ਦੇ ਰਣਜੋਧ ਸਿੰਘ ਨੇ ਖ਼ੁਦ ਨੂੰ ਅੱਗ ਲਗਾਈ ਅਤੇ ਇਸ ਮਗਰੋਂ ਅੱਗ ‘ਚ ਵਾਧਾ ਹੋ ਗਿਆ। ਰਣਜੋਧ ਸਿੰਘ ਅਤੇ ਮਨਜਿੰਦਰ ਕੌਰ ਦੇ ਰਿਸ਼ਤੇ ਬਾਰੇ ਮੀਡੀਆ ਰਿਪੋਰਟਾਂ ਵਿਚ ਕੋਈ ਸਪੱਸ਼ਟ ਜਾਣਕਾਰੀ ਨਹੀਂ ਮਿਲ ਸਕੀ। ਮਨਜਿੰਦਰ ਕੌਰ ਆਪਣੇ ਪਿੱਛੇ ਇਕ ਬੇਟਾ ਛੱਡ ਗਈ ਹੈ। ਉਧਰ ਬਰਗਨ ਕਾਊਂਟੀ ਦੇ ਪ੍ਰੌਸੀਕਿਊਟਰ ਮਾਰਕ ਮਸੇਲਾ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਮਨਜਿੰਦਰ ਕੌਰ ਦੀ ਉਮਰ 44 ਸਾਲ ਸੀ, ਜਦਕਿ ਮਨਜੀਤ ਕੌਰ ਦੀ ਉਮਰ 47 ਸਾਲ ਦੱਸੀ ਜਾ ਰਹੀ ਹੈ, ਜੋ ਲਿਵਿੰਗਸਟਨ ਦੇ ਕੂਪਰਮੈਨ ਮੈਡੀਕਲ ਸੈਂਟਰ ਵਿਚ ਦਾਖਲ ਹੈ ਅਤੇ ਉਸ ਦੀ ਸਥਿਤੀ ਗੰਭੀਰ ਬਣੀ ਹੋਈ ਹੈ।
ਪ੍ਰੌਸੀਕਿਊਟਰ ਮਾਰਕ ਮਸੇਲਾ ਮੁਤਾਬਕ ਰਣਜੋਧ ਸਿੰਘ ਨੇ ਕੋਈ ਬਲਣਸ਼ੀਲ ਪਦਾਰਥ ਆਪਣੇ ‘ਤੇ ਛਿੜਕ ਕੇ ਅੱਗ ਲਗਾਈ ਅਤੇ ਇਹ ਇੰਨੀ ਤੇਜ਼ੀ ਨਾਲ ਫੈਲੀ ਕਿ ਤਿੰਨੋਂ ਜਣੇ ਬੇਸਮੈਂਟ ‘ਚ ਫਸ ਗਏ। ਰਣਜੋਧ ਸਿੰਘ ਵੱਲੋਂ ਖ਼ੁਦ ਨੂੰ ਅੱਗ ਲਾਉਣ ਦੇ ਕਾਰਨਾਂ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ।