#AMERICA

ਅਮਰੀਕਾ ‘ਚ ਪਹਿਲੀ ਪਤਨੀ ਤੇ ਦੂਸਰੀ ਪਤਨੀ ਦੇ ਦੋ ਬੱਚਿਆਂ ਦੀ ਹੱਤਿਆ ਦੇ ਮਾਮਲੇ ‘ਚ ਦੋਸ਼ੀ ਨੂੰ ਮੌਤ ਦੀ ਸਜ਼ਾ

ਸੈਕਰਾਮੈਂਟੋ, 3 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਇਡਾਹੋ ਰਾਜ ‘ਚ ਆਪਣੀ ਪਹਿਲੀ ਪਤਨੀ ਤੇ ਦੂਸਰੀ ਪਤਨੀ ਦੇ ਦੋ ਬੱਚਿਆਂ ਦੀਆਂ ਪਹਿਲਾ ਦਰਜਾ ਹੱਤਿਆਵਾਂ ਤੇ ਸਾਜਿਸ਼ ਰਚਣ ਦੇ ਮਾਮਲੇ ‘ਚ ਚੈਡ ਡੇਬੈਲ ਨਾਮੀ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਸੁਣਾਏ ਜਾਣ ਦੀ ਖਬਰ ਹੈ। ਜਿਊਰੀ ਨੇ ਚੈਡ ਡੇਬੈਲ ਨੂੰ ਘਿਣਾਉਣੇ ਅਪਰਾਧ ਲਈ ਮੌਤ ਦੀ ਸਜ਼ਾ ਦੇਣ ਦੀ ਸਿਫਾਰਿਸ਼ ਕਰਦਿਆਂ ਕਿਹਾ ਕਿ ਅਜਿਹਾ ਵਿਅਕਤੀ ਸਮਾਜ ਲਈ ਖਤਰਾ ਹੈ। ਇਸ ਸਿਫਾਰਿਸ਼ ਨੂੰ ਮੰਨਦਿਆਂ ਜੱਜ ਸਟੀਵਨ ਬੋਇਸੀ ਨੇ ਚੈਡ ਡੇਬੈਲ ਦੀ ਮੌਤ ਦੀ ਸਜ਼ਾ ਉਪਰ ਮੋਹਰ ਲਾ ਦਿੱਤੀ। ਡੇਬੈਲ ਨੂੰ 2 ਦਿਨ ਪਹਿਲਾਂ ਪਹਿਲੀ ਪਤਨੀ ਟੈਮੀ ਡੇਬੈਲ ਤੇ ਉਸ ਦੀ ਦੂਸਰੀ ਪਤਨੀ ਦੇ ਦੋ ਬੱਚਿਆਂ 16 ਸਾਲਾ ਟਾਇਲੀ ਰੀਆਨ ਤੇ 7 ਸਾਲਾ ਜੋਸ਼ੂਆ ”ਜੇ ਜੇ” ਵਾਲੋਅ ਦੀਆਂ ਹੱਤਿਆਵਾਂ ਦੇ ਮਾਮਲੇ ‘ਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਮੁੱਦਈ ਪੱਖ ਦੇ ਵਕੀਲਾਂ ਨੇ ਦਾਅਵਾ ਕੀਤਾ ਸੀ ਕਿ ਇਹ ਹੱਤਿਆਵਾਂ ਸੱਤਾ, ਸੈਕਸ, ਪੈਸੇ ਤੇ ਵਿਨਾਸ਼ਕਾਰੀ ਧਾਰਮਿਕ ਵਿਸ਼ਵਾਸ ਦਾ ਸਿੱਟਾ ਹੈ। ਟਾਇਲੀ ਤੇ ਜੇ ਜੇ ਦੀ ਹੱਤਿਆ ਸਤੰਬਰ 2019 ‘ਚ ਹੋਈ ਸੀ, ਜਦਕਿ ਟੈਮੀ ਡੇਬੈਲ 19 ਅਕਤੂਬਰ, 2019 ਨੂੰ ਆਪਣੇ ਘਰ ‘ਚ ਮ੍ਰਿਤਕ ਹਾਲਤ ਵਿਚ ਮਿਲੀ ਸੀ। ਇਸ ਤੋਂ ਕੁਝ ਹਫਤੇ ਪਹਿਲਾਂ ਹੀ ਚੈਡ ਡੇਬੈਲ ਤੇ ਲੌਰੀ ਵਾਲੋਅ ਡੇਬੈਲ ਨੇ ਵਿਆਹ ਕਰਵਾਇਆ ਸੀ। ਅਦਾਲਤ ਵਿਚ ਫੈਸਲਾ ਪੜ੍ਹਿਆ ਗਿਆ, ਜਿਸ ਵਿਚ ਜੱਜ ਨੇ ਕਿਹਾ ਕਿ ਮੌਜੂਦਾ ਕਾਨੂੰਨ ਤਹਿਤ ਇਸ ਮਾਮਲੇ ‘ਚ ਮੌਤ ਦੀ ਸਜ਼ਾ ਉਚਿਤ ਹੈ। ਜੱਜ ਨੇ ਬੀਮਾ ਫਰਾਡ ਦੇ ਵੱਖਰੇ ਦੋਸ਼ਾਂ ਤਹਿਤ ਚੈਡ ਨੂੰ 15 ਸਾਲਾ ਜੇਲ੍ਹ ਦੀ ਵੱਖਰੀ ਸਜ਼ਾ ਸੁਣਾਈ ਹੈ। ਸਜ਼ਾ ਸੁਣਾਉਣ ਸਮੇਂ ਦੋਸ਼ੀ ਨੇ ਕੋਈ ਪ੍ਰਤੀਕ੍ਰਿਆ ਪ੍ਰਗਟ ਨਹੀਂ ਕੀਤੀ ਤੇ ਉਹ ਚੇਹਰੇ ‘ਤੇ ਕੋਈ ਪ੍ਰਭਾਵ ਲਿਆ ਬਿਨਾਂ ਖੜ੍ਹਾ ਰਿਹਾ। ਇਸ ਤੋਂ ਪਹਿਲਾਂ ਸਜ਼ਾ ਬਾਰੇ ਸ਼ੁਰੂ ਹੋਈ ਸੁਣਵਾਈ ਦੌਰਾਨ ਵਕੀਲ ਰਾਬ ਵੁੱਡ ਨੇ ਕਿਹਾ ਕਿ ਇਸ ਮਾਮਲੇ ‘ਚ ਖਤਰਨਾਕ ਤੱਥਾਂ ਨੂੰ ਧਿਆਨ ‘ਚ ਰੱਖਿਆ ਜਾਵੇ, ਜੋ ਤੱਥ ਚੈਡ ਡੇਬੈਲ ਨੂੰ ਮੌਤ ਦੀ ਸਜ਼ਾ ਦੇ ਯੋਗ ਬਣਾਉਂਦੇ ਹਨ। ਡੇਬੈਲ ਦੀ  ਦੂਸਰੀ ਪਤਨੀ ਲੌਰੀ ਵਾਲੋਅ ਡੇਬੈਲ ਨੂੰ ਵੀ ਤਕਰੀਬਨ ਇਕ ਸਾਲ ਪਹਿਲਾਂ ਆਪਣੇ ਬੱਚਿਆਂ ਦੀਆਂ ਹੱਤਿਆਵਾਂ ਦੇ ਦੋਸ਼ਾਂ ਤਹਿਤ ਬਿਨਾਂ ਪੈਰੋਲ ਦੀ ਸੰਭਾਵਨਾ ਦੇ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਉਸ ਨੂੰ ਟੈਮੀ ਡੇਬੈਲ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਦੋਸ਼ਾਂ ਤਹਿਤ ਵੀ ਦੋਸ਼ੀ ਕਰਾਰ ਦਿੱਤਾ ਗਿਆ ਸੀ। ਲੌਰੀ ਵਾਲੋਅ ਡੇਬੈਲ ਨੇ ਆਪਣੀ ਸਜ਼ਾ ਵਿਰੁੱਧ ਸਟੇਟ ਸੁਪਰੀਮ ਕੋਰਟ ‘ਚ ਅਪੀਲ ਕੀਤੀ ਹੈ, ਜਿਸ ਵਿਚ ਉਸ ਦੇ ਵਕੀਲਾਂ ਨੇ ਡੇਬੈਲ ਦੀ ਮਾਨਸਿਕ ਹਾਲਾਤ ਦਾ ਮੁੱਦਾ ਉਠਾਇਆ ਹੈ।