#AMERICA #PUNJAB

ਅਮਰੀਕਾ ‘ਚ ਨੂਰਮਹਿਲ ਦੀਆਂ ਕੁੜੀਆਂ ‘ਤੇ ਨਕੋਦਰ ਦੇ ਨੌਜਵਾਨ ਨੇ ਚਲਾਈਆਂ ਗੋਲੀਆਂ, ਇਕ ਕੁੜੀ ਦੀ ਮੌਕੇ ‘ਤੇ ਹੀ ਮੌਤ

ਨਿਊ ਜਰਸੀ/ਜਲੰਧਰ, 15 ਜੂਨ (ਪੰਜਾਬ ਮੇਲ)- ਅਮਰੀਕਾ ਦੇ ਨਿਊ ਜਰਸੀ ਦੇ ਵੈਸਟ ਕਾਟੇਂਰੇਟ ਸੈਕਸ਼ਨ ‘ਚ ਨਕੋਦਰ ਤੋਂ ਆਏ ਨੌਜਵਾਨ ਨੇ ਨੂਰਮਹਿਲ ਦੀਆਂ 2 ਚਚੇਰੀਆਂ ਭੈਣਾਂ ਦੇ ਗੋਲੀਆਂ ਮਾਰ ਦਿੱਤੀਆਂ। ਇਸ ਦੌਰਾਨ ਇਕ ਕੁੜੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਉਸ ਦੀ ਚਚੇਰੀ ਭੈਣ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਬੁੱਧਵਾਰ ਨੂੰ ਹੋਈ ਘਟਨਾ ਤੋਂ ਬਾਅਦ ਪੁਲਸ ਨੇ ਦੋਸ਼ੀ ਨੂੰ 6 ਘੰਟੇ ਤਲਾਸ਼ੀ ਮੁਹਿੰਮ ਚਲਾ ਕੇ ਗ੍ਰਿਫ਼ਤਾਰ ਕਰ ਲਿਆ। ਦੋਸ਼ੀ ਦੀ ਪਛਾਣ ਨਕੋਦਰ ਦੇ ਪਿੰਡ ਹੁਸੈਨਪੁਰ ਵਾਸੀ 19 ਸਾਲਾ ਗੌਰਵ ਗਿੱਲ ਵਜੋਂ ਹੋਈ ਹੈ। ਗੌਰਵ ਕੁਝ ਸਾਲ ਪਹਿਲੇ ਜਲੰਧਰ ਤੋਂ ਆਈਲੈਟਸ ਕਰ ਕੇ ਸਟਡੀ ਵੀਜ਼ਾ ‘ਤੇ ਅਮਰੀਕਾ ਗਿਆ ਸੀ। ਪਰਿਵਾਰ ‘ਚ ਇਕ ਛੋਟਾ ਭਰਾ ਹੈ, ਜੋ ਕਿ ਅਜੇ ਇੱਥੇ ਹੈ। ਪਿਤਾ ਅਰਬ ਦੇਸ਼ ‘ਚ ਰਹਿੰਦੇ ਹਨ ਤਾਂ ਮਾਂ ਨਕੋਦਰ ‘ਚ ਹਾਊਸ ਵਾਈਫ਼ ਹੈ। ਦੱਸਿਆ ਜਾ ਰਿਹਾ ਹੈ ਕਿ ਗੌਰਵ ਨੇ ਪਿਛਲੇ ਦਿਨੀਂ ਕਿਸੇ ਵਿਵਾਦ ਨੂੰ ਲੈ ਕੇ ਜਸਵੀਰ ਕੌਰ ਅਤੇ ਉਸ ਦੀ ਚਚੇਰੀ ਭੈਣ ‘ਤੇ ਗੋਲੀਆਂ ਚਲਾ ਦਿੱਤੀਆਂ ਸਨ। ਇਸ ਨਾਲ ਜਸਵੀਰ ਕੌਰ (29) ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਉਸ ਦੀ ਚਚੇਰੀ ਭੈਣ (20) ਗੰਭੀਰ ਰੂਪ ਨਾਲ ਜ਼ਖ਼ਮੀ ਹੈ, ਜਿਸ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਦੋਵੇਂ ਭੈਣਾਂ ਜਲੰਧਰ ਦੇ ਨੂਰਮਹਿਲ ਦੀਆਂ ਰਹਿਣ ਵਾਲੀਆਂ ਹਨ। ਮ੍ਰਿਤਕਾ ਜਸਵੀਰ ਕੌਰ ਵਿਆਹੁਤਾ ਹੈ। ਪਤੀ ਗੋਲੀ ਚੱਲਣ ਦੇ ਸਮੇਂ ਸ਼ਹਿਰ ਤੋਂ ਬਾਹਰ ਟਰੱਕ ਲੈ ਕੇ ਗਿਆ ਹੋਇਆ ਸੀ। ਜਾਣਕਾਰੀ ਅਨੁਸਾਰ ਜ਼ਖ਼ਮੀ ਕੁੜੀ ਅਤੇ ਗੌਰਵ ਜਲੰਧਰ ‘ਚ ਇਕੱਠੇ ਹੀ ਆਈਲੈਟਸ ਕਰਦੇ ਸਨ। ਉਹ ਪਹਿਲੇ ਤੋਂ ਇਕ-ਦੂਜੇ ਨੂੰ ਜਾਣਦੇ ਸਨ। ਫਿਲਹਾਲ ਗੋਲੀ ਮਾਰਨ ਦਾ ਕਾਰਨ ਅਜੇ ਸਾਹਮਣੇ ਨਹੀਂ ਆਇਆ ਹੈ। ਪੁਲਸ ਨੇ ਦੋਸ਼ੀ ਨੂੰ ਮਿਡਿਲਸੈਕਸ ਕਾਊਂਟੀ ਕੋਰਟ ‘ਚ ਜੱਜ ਦੇ ਸਾਹਮਣੇ ਪਹਿਲੀ ਵਾਰ ਪੇਸ਼ ਕੀਤਾ। ਦੋਵੇਂ ਕੁੜੀਆਂ ਕ੍ਰਾਈਮ ਸੀਨ ਤੋਂ ਕੁਝ ਹੀ ਦੂਰੀ ‘ਤੇ ਰਹਿੰਦੀਆਂ ਹਨ। ਸਥਾਨਕ ਪੁਲਸ ਨੇ ਦੋਸ਼ੀ ‘ਤੇ ਕਤਲ, ਕਤਲ ਦੀ ਕੋਸ਼ਿਸ਼ ਅਤੇ ਗੈਰ-ਕਾਨੂੰਨੀ ਰੂਪ ਨਾਲ ਹਥਿਆਰ ਰੱਖਣ ਦਾ ਮਾਮਲਾ ਦਰਜ ਕੀਤਾ ਹੈ। ਜਸਵੀਰ ਕੌਰ ਦੇ ਮਕਾਨ ਮਾਲਕ ਨੇ ਦੱਸਿਆ ਕਿ ਜਸਵੀਰ ਹਫ਼ਤੇ ‘ਚ 6 ਦਿਨ ਕੰਮ ਕਰਦੀ ਸੀ। ਉਹ ਕੰਮ ਤੋਂ ਇਲਾਵਾ ਕਿਤੇ ਨਹੀਂ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਉਹ ਵਿਆਹੁਤਾ ਹੈ। ਉਹ ਕਾਰਟ ਰੇਟ ‘ਚ ਐਮਾਜ਼ੋਨ ਦੀ ਸਹੂਲਤ ‘ਚ ਕੰਮ ਕਰਦੀ ਹੈ। ਉਸ ਦਾ ਪਤੀ ਟਰੱਕ ਡਰਾਈਵਰ ਹੈ ਅਤੇ ਗੋਲੀਬਾਰੀ ਦੇ ਸਮੇਂ ਸ਼ਹਿਰ ਤੋਂ ਬਾਹਰ ਸੀ। ਦੋਸ਼ੀ ਗੌਰਵ ਨੂੰ ਗ੍ਰਿਫ਼ਤਾਰ ਕਰਨ ਦੀ ਸੀ.ਸੀ.ਟੀ.ਵੀ. ਫੁਟੇਜ ਸਾਹਮਣੇ ਆਈ ਹੈ, ਜਿਸ ‘ਚ ਦਿਖਾਈ ਦੇ ਰਿਹਾ ਹੈ ਕਿ ਦੋਸ਼ੀ ਕਿਸੇ ਘਰ ‘ਚ ਲੁਕਿਆ ਹੋਇਆ ਸੀ। ਉਸ ਨੂੰ ਪਹਿਲੇ ਪੁਲਸ ਫ਼ੋਰਸ ਦੇ ਚਾਰੇ ਪਾਸਿਓਂ ਘੇਰ ਲਿਆ। ਫਿਰ ਉਸ ਨੇ ਹੱਥ ਚੁੱਕ ਕੇ ਸਰੰਡਰ ਕਰ ਦਿੱਤਾ। ਮੰਗਲਵਾਰ ਨੂੰ ਮਾਮਲੇ ਦੀ ਅਗਲੀ ਸੁਣਵਾਈ  ਹੋਵੇਗੀ।