#AMERICA

ਅਮਰੀਕਾ ‘ਚ ਨਵਜੰਮੀ ਬੱਚੀ ਦੀ ਕੂੜੇ ਦੇ ਢੇਰ ‘ਚ ਮਿਲੀ ਸੀ ਲਾਸ਼

-37 ਸਾਲ ਪੁਰਾਣੇ ਮਾਮਲੇ ‘ਚ ਪੁਲਿਸ ਨੇ ਮਾਂ ਨੂੰ ਕੀਤਾ ਗ੍ਰਿਫਤਾਰ
ਨਿਊਯਾਰਕ, 12 ਅਗਸਤ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ‘ਚ ਇੱਕ ਮਾਮਲੇ ਵਿਚ ਪੁਲਿਸ ਕਈ ਸਾਲਾਂ ਤੋਂ ਕੰਮ ਕਰ ਰਹੀ ਸੀ। ਪਰ ਨਤੀਜਾ ਸਾਹਮਣੇ ਨਹੀਂ ਸੀ ਆ ਰਿਹਾ। ਉੱਥੇ ਹੀ ਇੱਕ ਮਾਮਲੇ ਵਿਚ ਦੋਸ਼ੀ ਨੂੰ 37 ਸਾਲ ਦੇ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ। ਇਹ ਮਾਮਲਾ ਸੰਨ 1987 ਵਿਚ ਇੱਕ ਨਵਜੰਮੀ ਬੱਚੀ ਦੀ ਮੌਤ ਨਾਲ ਸਬੰਧਤ ਹੈ, ਜੋ ਕੂੜੇ ਦੇ ਢੇਰ ਵਿਚੋਂ ਮਿਲੀ ਸੀ। ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿਚ ਪੁਲਿਸ 37 ਸਾਲ ਪੁਰਾਣੇ ਇਸ ਮਾਮਲੇ ਨੂੰ ਸੁਲਝਾਉਣ ਵਿਚ ਲੱਗੀ ਹੋਈ ਹੈ। ਇਹ ਘਟਨਾ 13 ਅਕਤੂਬਰ, 1987 ਦੀ ਸੀ, ਜਦੋਂ ਇੱਕ ਆਦਮੀ ਰਿਵਰਸਾਈਡ ‘ਚ ਰੀਸਾਈਕਲਿੰਗ ਲਈ ਕੁਝ ਚੀਜ਼ਾਂ ਲੱਭ ਰਿਹਾ ਸੀ, ਉਸ ਨੂੰ ਇੱਕ ਡੰਪਟਰ ਵਿਚ ਇੱਕ ਨਵਜੰਮੀ ਬੱਚੀ ਦੀ ਲਾਸ਼ ਮਿਲੀ ਸੀ। ਪੁਲਿਸ ਨੂੰ ਉਸ ਸਮੇਂ ਸੂਚਨਾ ਦੇਣ ‘ਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪਰ ਮਾਮਲਾ ਸੁਲਝ ਨਹੀਂ ਸੀ ਸਕਿਆ। ਸੰਨ 2020 ਵਿਚ ਇੱਕ ਨਵੀਂ ਹੋਮੀਸਾਈਡ ਕੋਲਡ ਕੇਸ ਯੂਨਿਟ ਨੇ ਦੁਬਾਰਾ ਇਸ ਕੇਸ ਦੀ ਜਾਂਚ ਸ਼ੁਰੂ ਕੀਤੀ। ਕੋਲਡ ਕੇਸ ਯੂਨਿਟ ਨੇ ਡੀ.ਐੱਨ.ਏ. ਟੈਸਟਿੰਗ ਫਰਮ ਓਥਰਾਮ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਨਵੰਬਰ 2021 ਵਿਚ ਸਬੂਤਾਂ ਤੋਂ ਡੀ.ਐੱਨ.ਏ. ਲਿਆ ਗਿਆ ਸੀ। ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਡੀ.ਐੱਨ.ਏ. ਦੀ ਮਦਦ ਨਾਲ ਉੱਤਰੀ ਕੈਰੋਲੀਨਾ ਦੇ ਸ਼ਾਰਲਟ ਤੋਂ 45 ਕੁ ਮੀਲ ਦੂਰ ਰਹਿਣ ਵਾਲੀ ਇਕ 55 ਸਾਲਾ ਮੇਲਿਸਾ ਜੀਨ ਐਲੇਨ ਅਵੀਲਾ ਨਾਮੀ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਡੀ.ਐੱਨ.ਏ. ਟੈਸਟਾਂ ਰਾਹੀਂ ਅਵੀਲਾ ਦੀ ਪਛਾਣ ਬੱਚੇ ਦੀ ਮਾਂ ਵਜੋਂ ਕੀਤੀ। ਪੁਲਿਸ ਨੇ ਕਿਹਾ ਕਿ ਬੱਚੇ ਦੀ ਮੌਤ ਦੇ ਸਮੇਂ ਅਵੀਲਾ ਦੀ ਉਮਰ ਤਕਰੀਬਨ 19 ਸਾਲ ਸੀ, ਪਰ ਪੁਲਿਸ ਨੂੰ ਅਜੇ ਤੱਕ ਨਵਜੰਮੇ ਬੱਚੇ ਦੀ ਮੌਤ ਵਿਚ ਉਸ ਦੇ ਪਿਤਾ ਦੀ ਸ਼ਮੂਲੀਅਤ ਦੇ ਸਬੂਤ ਨਹੀਂ ਮਿਲੇ ਹਨ। ਪੁਲਿਸ ਨੇ ਦੱਸਿਆ ਕਿ ਅਵੀਲਾ ਨੂੰ 7 ਅਗਸਤ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਨਵਜੰਮੀ ਬੱਚੀ ਦੀ ਮੌਤ ਦੇ ਮਾਮਲੇ ਵਿਚ ਅਵੀਲਾ ਦੀ ਅਗਲੀ ਸੁਣਵਾਈ 9 ਸਤੰਬਰ ਨੂੰ ਹੋਵੇਗੀ।