#AMERICA

ਅਮਰੀਕਾ ‘ਚ ਧੋਖਾਧੜੀ ਦੀਆਂ ਘਟਨਾਵਾਂ ਨੂੰ ਲੈ ਕੇ ਭਾਰਤੀ ਦੂਤਘਰ ਵੱਲੋਂ ਐਡਵਾਈਜ਼ਰੀ ਜਾਰੀ

ਵਾਸ਼ਿੰਗਟਨ, 10 ਅਗਸਤ (ਪੰਜਾਬ ਮੇਲ)- ਅਮਰੀਕਾ ਵਿਚ ਭਾਰਤੀ ਲੋਕਾਂ ਤੋਂ ਦੂਤਘਰ ਸੇਵਾਵਾਂ ਅਤੇ ਹੋਰ ਧੋਖਾਧੜੀ ਵਾਲੀਆਂ ਗਤੀਵਿਧੀਆਂ ਲਈ ਜ਼ਿਆਦਾ ਪੈਸੇ ਵਸੂਲਣ ਦੀਆਂ ਘਟਨਾਵਾਂ ਅਕਸਰ ਸਾਹਮਣੇ ਆ ਰਹੀਆਂ ਹਨ। ਅਜਿਹੇ ‘ਚ ਨਿਊਯਾਰਕ ਸਥਿਤ ਭਾਰਤੀ ਕੌਂਸਲੇਟ ਨੇ ਅਜਿਹੇ ਬੇਈਮਾਨ ਏਜੰਟਾਂ ਖ਼ਿਲਾਫ਼ ਚਿਤਾਵਨੀ ਦਿੱਤੀ ਹੈ। ਨਾਲ ਹੀ ਪ੍ਰਵਾਸੀ ਭਾਰਤੀਆਂ ਲਈ ਵੀਜ਼ਾ, ਪਾਸਪੋਰਟ ਅਤੇ ਹੋਰ ਸੇਵਾਵਾਂ ਨੂੰ ਸੁਚਾਰੂ ਬਣਾਉਣ ਲਈ ਚੁੱਕੇ ਗਏ ਉਪਾਵਾਂ ਬਾਰੇ ਵੀ ਚਾਨਣਾ ਪਾਇਆ।
ਨਿਊਯਾਰਕ ਵਿਚ ਭਾਰਤ ਦੇ ਕੌਂਸਲ ਜਨਰਲ ਬਿਨੈ ਸ੍ਰੀਕਾਂਤ ਪ੍ਰਧਾਨ ਨੇ ਕਿਹਾ ਕਿ ਕੌਂਸਲੇਟ ਦੇ ਧਿਆਨ ਵਿਚ ਅਜਿਹੇ ਕਈ ਮਾਮਲੇ ਆਏ ਹਨ, ਜਿੱਥੇ ਵੱਖ-ਵੱਖ ਟ੍ਰੈਵਲ ਏਜੰਟ ਲੋਕਾਂ ਦੇ ਭਰੋਸੇ ਦਾ ਫ਼ਾਇਦਾ ਉਠਾ ਰਹੇ ਹਨ। ਇਹ ਏਜੰਟ ਮਦਦ ਕਰਨ ਦੇ ਨਾਂ ‘ਤੇ ਲੋਕਾਂ ਤੋਂ ਵੱਧ ਪੈਸੇ ਵਸੂਲ ਰਹੇ ਹਨ।
ਅਜਿਹੇ ਬੇਈਮਾਨ ਤੱਤ ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ (ਓ.ਸੀ.ਆਈ.), ਵੀਜ਼ਾ, ਪਾਸਪੋਰਟ ਅਤੇ ਐਮਰਜੈਂਸੀ ਸਰਟੀਫਿਕੇਟ ਵਰਗੀਆਂ ਦੂਤਘਗਰ ਸੇਵਾਵਾਂ ਵਿਚ ਮਦਦ ਕਰਨ ਲਈ ਬਿਨੈਕਾਰਾਂ ਤੋਂ ਜ਼ਿਆਦਾ ਪੈਸੇ ਵਸੂਲ ਰਹੇ ਹਨ। ਇੱਕ ਉਦਾਹਰਣ ਦਿੰਦੇ ਹੋਏ, ਬਿਨੈ ਪ੍ਰਧਾਨ ਨੇ ਕਿਹਾ ਕਿ ਟਰੈਵਲ ਏਜੰਟਾਂ ਨੇ ਭਾਰਤ ਦੀ ਯਾਤਰਾ ਲਈ ਐਮਰਜੈਂਸੀ ਸਰਟੀਫਿਕੇਟ ਪ੍ਰਦਾਨ ਕਰਨ ਲਈ 450 ਅਮਰੀਕੀ ਡਾਲਰ ਤੱਕ ਦਾ ਖਰਚਾ ਲਿਆ ਹੈ, ਜਦੋਂਕਿ ਇਹ ਕੰਮ ਸਿਰਫ 17 ਅਮਰੀਕੀ ਡਾਲਰ ਵਿਚ ਕੀਤਾ ਜਾ ਸਕਦਾ ਹੈ।
ਕੌਂਸਲੇਟ ਨੇ ਕਿਹਾ ਕਿ ਇਹ ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ, ਜਿੱਥੇ ਏਜੰਟ ਬਿਨੈਕਾਰਾਂ ਦੀ ਜਾਣਕਾਰੀ ਤੋਂ ਬਿਨਾਂ ਉਨ੍ਹਾਂ ਤਰਫੋਂ ਅਕਸਰ ਜਾਅਲੀ ਦਸਤਾਵੇਜ਼ ਪੇਸ਼ ਕਰਦੇ ਹਨ। ਇਹ ਨਾ ਸਿਰਫ਼ ਬੇਲੋੜੀ ਦੇਰੀ ਦਾ ਕਾਰਨ ਬਣਦਾ ਹੈ, ਬਲਕਿ ਇਹ ਨਿਰਧਾਰਤ ਭਾਰਤੀ ਨਿਯਮਾਂ ਦੀ ਉਲੰਘਣਾ ਵੀ ਕਰਦਾ ਹੈ ਅਤੇ ਬਿਨੈਕਾਰਾਂ ਨੂੰ ਕਾਨੂੰਨੀ ਮੁਸੀਬਤ ਵਿਚ ਪਾਉਂਦਾ ਹੈ।
ਅਧਿਕਾਰੀ ਨੇ ਕਿਹਾ ਕਿ ਏਜੰਟ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਂਦੇ ਹਨ ਕਿ ਉਨ੍ਹਾਂ ਦਾ ਦੂਤਘਰ ਨਾਲ ਕੋਈ ਸਬੰਧ ਹੈ, ਜਦਕਿ ਅਜਿਹਾ ਨਹੀਂ ਹੈ। ਇਹ ਏਜੰਟ ਸਾਡੇ ਭਾਈਚਾਰੇ ਦੇ ਲੋਕਾਂ ਨੂੰ ਝੂਠੇ ਦਸਤਾਵੇਜ਼ ਅਤੇ ਜਾਅਲੀ ਸਰਟੀਫਿਕੇਟ ਦੇ ਕੇ ਮੁਸੀਬਤ ਵਿਚ ਪਾ ਦਿੰਦੇ ਹਨ। ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ ਕਿ ਭਾਵੇਂ ਉਹ ਭਾਰਤੀ ਨਾਗਰਿਕ ਹੈ, ਅਮਰੀਕੀ ਨਾਗਰਿਕ ਹੈ ਜਾਂ ਭਾਰਤੀ-ਅਮਰੀਕੀ ਹੈ, ਉਸ ਨੂੰ ਕਿਸੇ ਏਜੰਟ ਰਾਹੀਂ ਸਾਡੇ ਕੋਲ ਆਉਣ ਦੀ ਲੋੜ ਨਹੀਂ ਹੈ। ਸਾਡੇ ਦੁਆਰਾ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਲਈ ਤੁਸੀਂ ਸਿੱਧੇ ਸਾਡੇ ਕੋਲ ਕੌਂਸਲੇਟ ਵਿਚ ਆ ਸਕਦੇ ਹੋ। ਕਿਸੇ ਏਜੰਟ ਦੀ ਮਦਦ ਲੈਣ ਦੀ ਲੋੜ ਨਹੀਂ ਹੈ।
ਪ੍ਰਧਾਨ ਨੇ ਕਿਹਾ ਕਿ ਕੌਂਸਲੇਟ ਦੇ ਧਿਆਨ ਵਿਚ ਇਹ ਵੀ ਲਿਆਂਦਾ ਗਿਆ ਹੈ ਕਿ ਅਜਿਹੀਆਂ ਸੇਵਾਵਾਂ ਪ੍ਰਦਾਨ ਕਰਨ ਦਾ ਦਾਅਵਾ ਕਰਨ ਵਾਲੀਆਂ ਕਈ ਫਰਜ਼ੀ ਈ-ਵੀਜ਼ਾ ਵੈੱਬਸਾਈਟਾਂ ਇੰਟਰਨੈੱਟ ‘ਤੇ ਸਰਗਰਮ ਹਨ। ਬਿਨੈਕਾਰਾਂ ਨੂੰ ਗੁੰਮਰਾਹ ਕਰਨ ਲਈ, ਇਨ੍ਹਾਂ ਵਿਚੋਂ ਕੁਝ ਵੈਬਸਾਈਟਾਂ ਨੇ ਭਾਰਤ ਸਰਕਾਰ ਦੀਆਂ ਵੈਬਸਾਈਟਾਂ ਦੀ ਨਕਲ ਕਰਦੇ ਹੋਏ ਚਿੱਤਰ ਅਤੇ ਹੋਮ ਪੇਜ ਬਣਾਏ ਹਨ।