ਵਾਸ਼ਿੰਗਟਨ, 5 ਅਕਤੂਬਰ (ਪੰਜਾਬ ਮੇਲ)- ਅਮਰੀਕਾ ਵਿਚ 2 ਭਾਰਤੀ ਅਮਰੀਕੀ ਔਰਤਾਂ – ਬੋਸਟਨ ਤੋਂ ਪਦਮਿਨੀ ਪਿੱਲਈ ਅਤੇ ਨਿਊਯਾਰਕ ਤੋਂ ਨਲਿਨੀ ਟਾਟਾ – ਨੂੰ ਵੀਰਵਾਰ ਨੂੰ 2024-2025 ਦੇ ਸੈਸ਼ਨ ਲਈ ‘ਵਾਈਟ ਹਾਊਸ ਫੈਲੋ’ ਵਜੋਂ ਨਾਮਜ਼ਦ ਕੀਤਾ ਗਿਆ। ਅਮਰੀਕਾ ਤੋਂ ਕੁੱਲ 15 ਬੇਮਿਸਾਲ ਪ੍ਰਤਿਭਾਸ਼ਾਲੀ ਵਿਅਕਤੀਆਂ ਨੂੰ ਇਸ ਵੱਕਾਰੀ ਪ੍ਰੋਗਰਾਮ ਲਈ ਚੁਣਿਆ ਗਿਆ ਹੈ।
‘ਫੇਲੋ’ ‘ਵਾਈਟ ਹਾਊਸ’ (ਅਮਰੀਕਾ ਦੇ ਰਾਸ਼ਟਰਪਤੀ ਦੇ ਅਧਿਕਾਰਤ ਨਿਵਾਸ ਅਤੇ ਦਫ਼ਤਰ) ਦੇ ਸੀਨੀਅਰ ਕਰਮਚਾਰੀਆਂ, ਕੈਬਨਿਟ ਮੰਤਰੀਆਂ ਅਤੇ ਹੋਰ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਇਕ ਸਾਲ ਤੱਕ ਕੰਮ ਕਰਨ ਦੇ ਬਾਅਦ ਇਕ ਬਿਹਤਰ ਨੇਤਾ ਦੇ ਰੂਪ ਵਿਚ ਆਪਣੇ ਭਾਈਚਾਰਿਆਂ ਦੀ ਸੇਵਾ ਕਰਦੇ ਹਨ। ‘ਵ੍ਹਾਈਟ ਹਾਊਸ’ ਨੇ ਇਕ ਮੀਡੀਆ ਰਿਲੀਜ਼ ਵਿਚ ਕਿਹਾ ਕਿ ਟਾਟਾ ਨੂੰ ‘ਵ੍ਹਾਈਟ ਹਾਊਸ’ ਦੇ ਕੈਬਨਿਟ ਮਾਮਲਿਆਂ ਦੇ ਦਫ਼ਤਰ ਵਿਚ ਨਿਯੁਕਤ ਕੀਤਾ ਗਿਆ ਹੈ, ਜਦੋਂ ਕਿ ਪਿਲੱਈ ਨੂੰ ਸਮਾਜਿਕ ਸੁਰੱਖਿਆ ਪ੍ਰਸ਼ਾਸਨ ਵਿਚ ਨਿਯੁਕਤ ਕੀਤਾ ਗਿਆ ਹੈ।
ਮੈਸੇਚਿਉਸੇਟਸ ਦੇ ਨਿਊਟਨ ਦੀ ਪਿਲੱਈ ਇੱਕ ‘ਇਮਯੂਨੋ ਇੰਜੀਨੀਅਰ’ ਹੈ, ਜੋ ਇਮਯੂਨੋਲੋਜੀ ਵਿਚ ਖੋਜ ਅਤੇ ਬਾਇਓਮਟੀਰੀਅਲ ਡਿਜ਼ਾਈਨ ਵਿਚ ਤਰੱਕੀ ਦੇ ਵਿਚਕਾਰ ਦੇ ਪਾੜੇ ਨੂੰ ਪੂਰਾ ਕਰਨ ਲਈ ਕੰਮ ਕਰਦੀ ਹੈ, ਤਾਂ ਕਿ ਮਨੁੱਖੀ ਬਿਮਾਰੀਆਂ ਦੇ ਇਲਾਜ ਵਿਚ ਮਦਦ ਮਿਲ ਸਕੇ। ਉਨ੍ਹਾਂ ਨੇ ਮੈਸੇਚਿਉਸੇਟਸ ਇੰਸਟੀਚਿਊਟ ਆਫ਼ ਟੈਕਨਾਲੋਜੀ (ਐੱਮ.ਆਈ.ਟੀ.) ਵਿਚ ਇੱਕ ਟੀਮ ਦੀ ਅਗਵਾਈ ਕੀਤੀ, ਜੋ ਮਾਰੂ ਕੈਂਸਰ ਦੇ ਖਾਤਮੇ ਲਈ ਨੈਨੋਥੈਰੇਪੀ ਵਿਕਸਿਤ ਕਰ ਰਹੀ ਹੈ।
ਕੋਵਿਡ-19 ਮਹਾਂਮਾਰੀ ਦੇ ਦੌਰਾਨ, ‘ਸੀ.ਐੱਨ.ਬੀ.ਸੀ.’, ‘ਦਿ ਅਟਲਾਂਟਿਕ’ ਅਤੇ ‘ਦਿ ਨਿਊਯਾਰਕ ਟਾਈਮਜ਼’ ਸਮੇਤ ਕਈ ਮੀਡੀਆ ਸੰਗਠਨਾਂ ਨੇ ਪਿਲੱਈ ਦੇ ਲੇਖ ਪ੍ਰਕਾਸ਼ਿਤ ਕੀਤੇ ਸਨ, ਜਿਨ੍ਹਾਂ ਵਿਚ ਉਨ੍ਹਾਂ ਨੇ ਟੀਕਾਕਰਨ, ਇਮਿਊਨਿਟੀ ਅਤੇ ਸਿਹਤ ਦੇ ਲਿਹਾਜ਼ ਤੋਂ ਕਮਜ਼ੋਰ ਭਾਈਚਾਰਿਆਂ ‘ਤੇ ਮਹਾਂਮਾਰੀ ਦੇ ਪ੍ਰਭਾਵ ਬਾਰੇ ਚਰਚਾ ਕੀਤੀ ਸੀ। ਪਿਲੱਈ ਨੇ ‘ਯੇਲ ਯੂਨੀਵਰਸਿਟੀ’ ਤੋਂ ਇਮਯੂਨੋਬਾਇਓਲੋਜੀ ਵਿਚ ਪੀ.ਐੱਚ.ਡੀ. ਅਤੇ ‘ਰੇਗਿਸ ਕਾਲਜ’ ਤੋਂ ਬਾਇਓਕੈਮਿਸਟਰੀ ਵਿਚ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ ਹੈ।
ਟਾਟਾ ‘ਨਿਊਯਾਰਕ-ਪ੍ਰੇਸਬੀਟੇਰੀਅਨ ਵੀਲ ਕਾਰਨੇਲ ਮੈਡੀਕਲ ਸੈਂਟਰ/ਮੈਮੋਰੀਅਲ ਸਲੋਨ ਕੇਟਰਿੰਗ ਕੈਂਸਰ ਸੈਂਟਰ’ ਵਿਖੇ ‘ਨਿਊਰੋਸਰਜਰੀ’ ਨਿਵਾਸੀ ਹੈ। ਟਾਟਾ ਨੇ ਬ੍ਰਾਊਨ ਯੂਨੀਵਰਸਿਟੀ ਤੋਂ ‘ਨਿਊਰੋਬਾਇਓਲੋਜੀ’ ਵਿਚ ਬੀ.ਐੱਸ.ਸੀ., ‘ਕੈਮਬ੍ਰਿਜ ਯੂਨੀਵਰਸਿਟੀ’ ਤੋਂ ਐਮਫਿਲ, ‘ਨਾਰਥਵੈਸਟਰਨ ਫੇਨਬਰਗ ਸਕੂਲ ਆਫ਼ ਮੈਡੀਸਨ’ ਤੋਂ ਐੱਮ.ਡੀ. ਅਤੇ ‘ਹਾਰਵਰਡ ਕੈਨੇਡੀ ਸਕੂਲ ਆਫ਼ ਗਵਰਨਮੈਂਟ’ ਤੋਂ ਲੋਕਤੰਤਰ, ਰਾਜਨੀਤੀ ਅਤੇ ਸੰਸਥਾਵਾਂ’ ਵਿਸ਼ੇ ਵਿਚ ਐੱਮ.ਪੀ.ਪੀ. ਦੀ ਡਿਗਰੀ ਪ੍ਰਾਪਤ ਕੀਤੀ ਹੈ।
ਅਮਰੀਕਾ ‘ਚ ਦੋ ਭਾਰਤੀ ਅਮਰੀਕੀ ਔਰਤਾਂ ‘ਵਾਈਟ ਹਾਊਸ ਫੈਲੋ’ ਵਜੋਂ ਨਾਮਜ਼ਦ
