#AMERICA

ਅਮਰੀਕਾ ‘ਚ ਤਬਾਹ ਹੋਏ ਛੋਟੇ ਜਹਾਜ਼ ‘ਚ ਸਵਾਰ ਇਕ ਪਰਿਵਾਰ ਦੇ 5 ਜੀਆਂ ਦੀ ਮੌਤ

– ਬੇਸਬਾਲ ਟੂਰਨਾਮੈਂਟ ਵੇਖ ਕੇ ਜਾਰਜੀਆ ਵਾਪਸ ਆ ਰਿਹਾ ਸੀ ਪਰਿਵਾਰ
ਸੈਕਰਾਮੈਂਟੋ, 3 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਨਿਊਯਾਰਕ ਰਾਜ ਦੇ ਉੱਤਰੀ ਹਿੱਸੇ ਵਿਚ ਇਕ ਇੰਜਣ ਵਾਲਾ ਛੋਟਾ ਜਹਾਜ਼ ਤਬਾਹ ਹੋਣ ‘ਤੇ ਉਸ ਵਿਚ ਸਵਾਰ ਜਾਰਜੀਆ ਦੇ ਇਕ ਪਰਿਵਾਰ ਦੇ 5 ਜੀਆਂ ਦੀ ਮੌਤ ਹੋਣ ਦੀ ਖਬਰ ਹੈ। ਇਹ ਜਾਣਕਾਰੀ ਪੁਲਿਸ ਨੇ ਜਾਰੀ ਇਕ ਬਿਆਨ ਵਿਚ ਦਿੱਤੀ ਹੈ। ਬਿਆਨ ਅਨੁਸਾਰ ਪਰਿਵਾਰ ਬੇਸਬਾਲ ਟੂਰਨਾਮੈਂਟ ਵੇਖ ਕੇ ਕੂਪਰਸਟਾਊਨ, ਨਿਊਯਾਰਕ ਤੋਂ ਵਾਪਸ ਜਾਰਜੀਆ ਆ ਰਿਹਾ ਸੀ ਕਿ ਜਹਾਜ਼ ਅਚਾਨਕ ਹਾਦਸਾਗ੍ਰਸਤ ਹੋ ਕੇ ਜ਼ਮੀਨ ਉਪਰ ਡਿੱਗ ਪਿਆ ਤੇ ਉਸ ਵਿਚ ਸਵਾਰ ਸਾਰੇ ਵਿਅਕਤੀ ਮਾਰੇ ਗਏ। ਪੁਲਿਸ ਨੇ ਮ੍ਰਿਤਕਾਂ ਦੀ ਪਛਾਣ ਰੋਜਰ ਬੈਗਸ (76), ਲੌਰਾ ਵੈਨ ਏਪਸ (43), ਰੀਆਨ ਵੈਨ ਏਪਸ (42) ਜੇਮਜ ਆਰ ਵੈਨ ਏਪਸ (12) ਤੇ ਵੈਨ ਏਪਸ (10) ਵਜੋਂ ਕੀਤੀ ਹੈ। ਨਿਊਯਾਰਕ ਸਟੇਟ ਪੁਲਿਸ ਵੱਲੋਂ ਜਾਰੀ ਪ੍ਰੈੱਸ ਬਿਆਨ ਅਨੁਸਾਰ ਡੈਲਾਵੇਅਰ ਕਾਊਂਟੀ ਵਿਚ ਮੈਸਨਵਿਲੇ ਕਸਬੇ ਵਿਚ ਲੇਕ ਸੀਸਿਲ ਰੋਡ ਦੇ ਆਸ-ਪਾਸ ਦੇ ਖੇਤਰ ਵਿਚ ਸੰਭਾਵੀ ਤੌਰ ‘ਤੇ ਇਕ ਜਹਾਜ਼ ਦੇ ਤਬਾਹ ਹੋਣ ਦੀ ਸੂਚਨਾ ਮਿਲਣ ‘ਤੇ ਏਜੰਸੀਆਂ ਵੱਲੋਂ ਡਰੋਨ ਦੀ ਮਦਦ ਨਾਲ ਜਹਾਜ਼ ਦਾ ਮਲਬਾ ਤੇ ਉਸ ਵਿਚ ਸਵਾਰ ਮਾਰੇ ਗਏ ਵਿਅਕਤੀਆਂ ਦੀਆਂ ਲਾਸ਼ਾਂ ਲੱਭ ਲਈਆਂ ਗਈਆਂ ਹਨ। ਬਿਆਨ ਅਨੁਸਾਰ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਉਪਰੰਤ ਹੀ ਹਾਦਸੇ ਦੇ ਅਸਲ ਕਾਰਨ ਬਾਰੇ ਪਤਾ ਲੱਗ ਸਕੇਗਾ। ਜਾਰਜੀਆ ਦੇ ਗਵਰਨਰ ਬਰੀਅਨ ਕੈਂਪ ਨੇ ਇਕ ਬਿਆਨ ਵਿਚ ਹਾਦਸੇ ‘ਚ ਮਾਰੇ ਗਏ ਵਿਅਕਤੀਆਂ ਦੇ ਸੱਕੇ ਸਬੰਧੀਆਂ ਤੇ ਹੋਰ ਸੱਜਣਾਂ ਮਿੱਤਰਾਂ ਨਾਲ ਡੂੰਘੇ ਦੁੱਖ ਤੇ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।