#AMERICA

ਅਮਰੀਕਾ ‘ਚ ਡਿਪੋਰਟੇਸ਼ਨ ਮੁਹਿੰਮ ਕਾਰਨ ਡਿਟੇਨਸ਼ਨ ਸੈਂਟਰਾਂ ‘ਚ ਭੀੜ ਵਧੀ

ਵਾਸ਼ਿੰਗਟਨ ਡੀ.ਸੀ., 18 ਮਈ (ਪੰਜਾਬ ਮੇਲ)- ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੋਬ ਬੌਂਟਾ ਨੇ ਸ਼ੁੱਕਰਵਾਰ ਨੂੰ ICE ਡਿਟੇਨਸ਼ਨ ਸੈਂਟਰਾਂ ਦੀਆਂ ਹਾਲਤਾਂ ਬਾਰੇ ਇੱਕ ਤਿੱਖੀ ਰਿਪੋਰਟ ਜਾਰੀ ਕੀਤੀ। ਇਸ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਅਮਰੀਕਾ ‘ਚ ਗੈਰ-ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਚੱਲ ਰਹੀ ਵੱਡੀ ਡਿਪੋਰਟੇਸ਼ਨ ਮੁਹਿੰਮ ਕਾਰਨ ਡਿਟੇਨਸ਼ਨ ਸੈਂਟਰਾਂ ‘ਚ ਭੀੜ ਬਹੁਤ ਵੱਧ ਗਈ ਹੈ ਅਤੇ ਕੈਦੀਆਂ ਲਈ ਹਾਲਾਤ ਹੋਰ ਵੀ ਖਰਾਬ ਹੋ ਚੁੱਕੇ ਹਨ।
ਰਿਪੋਰਟ ਮੁਤਾਬਕ ਪਿਛਲੇ ਸਾਲ ਦੌਰਾਨ ਕੈਲੀਫੋਰਨੀਆ ਦੇ ਸੱਤ ICE ਸੈਂਟਰਾਂ ਦੀ ਜਾਂਚ ਕੀਤੀ ਗਈ, ਜਿੱਥੇ ਮੈਡੀਕਲ ਸਹੂਲਤਾਂ ਦੀ ਘਾਟ, ਇਲਾਜ ਵਿਚ ਦੇਰੀ, ਗੰਦਾ ਅਤੇ ਅਸੁਰੱਖਿਅਤ ਵਾਤਾਵਰਣ, ਘੱਟ ਖਾਣਾ, ਪੀਣ ਵਾਲੇ ਸਾਫ਼ ਪਾਣੀ ਦੀ ਕਮੀ ਅਤੇ ਸੁਰੱਖਿਆ ਕਰਮਚਾਰੀਆਂ ਵੱਲੋਂ ਜ਼ਰੂਰਤ ਤੋਂ ਵੱਧ ਬਲ ਦੀ ਵਰਤੋਂ ਵਰਗੀਆਂ ਗੰਭੀਰ ਸਮੱਸਿਆਵਾਂ ਸਾਹਮਣੇ ਆਈਆਂ।
ਸਤੰਬਰ ਤੋਂ ਮਾਰਚ ਤੱਕ 6 ਕੈਦੀਆਂ ਦੀ ਮੌਤ ਹੋਈ, ਜੋ ਕਿ 2017 ਤੋਂ ਬਾਅਦ ਸਭ ਤੋਂ ਵੱਧ ਗਿਣਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹ ਮੌਤਾਂ ਅਤੇ ਘਟੀਆ ਹਾਲਾਤ ICE ਦੇ ਆਪਣੇ ਨਿਯਮਾਂ ਦੀ ਉਲੰਘਣਾ ਹਨ।
ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਕਿ ਕਈ ਕੈਦੀਆਂ ਨੂੰ ਸਮੇਂ ‘ਤੇ ਡਾਕਟਰੀ ਸਹਾਇਤਾ ਨਹੀਂ ਮਿਲੀ। ਕਈ ਲੋਕਾਂ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੂੰ ਦਿਨਾਂ ਜਾਂ ਹਫ਼ਤਿਆਂ ਤੱਕ ਮੈਡੀਕਲ ਜਾਂਚ ਨਹੀਂ ਮਿਲੀ ਅਤੇ ਕਈਆਂ ਨੂੰ ਫਰਸ਼ ‘ਤੇ ਸੌਣਾ ਪਿਆ।
ਅਟਾਰਨੀ ਜਨਰਲ ਰੌਬ ਬੋਂਟਾ ਨੇ ਕਿਹਾ ਕਿ ਇਹ ਹਾਲਾਤ ”ਕਠੋਰ, ਗੈਰ-ਇਨਸਾਨੀ ਅਤੇ ਅਸਵੀਕਾਰਯੋਗ” ਹਨ। ਉਨ੍ਹਾਂ ਨੇ ਟਰੰਪ ਪ੍ਰਸ਼ਾਸਨ ‘ਤੇ ਦੋਸ਼ ਲਾਇਆ ਕਿ ਵੱਡੇ ਪੱਧਰ ‘ਤੇ ਹੋ ਰਹੀਆਂ ਗ੍ਰਿਫ਼ਤਾਰੀਆਂ ਅਤੇ ਡਿਟੇਨਸ਼ਨ ਕਾਰਨ ਸੈਂਟਰਾਂ ‘ਤੇ ਬੋਝ ਵਧ ਗਿਆ ਹੈ।
ਦੂਜੇ ਪਾਸੇ, ਅਮਰੀਕੀ ਹੋਮਲੈਂਡ ਸੁਰੱਖਿਆ ਵਿਭਾਗ (ਡੀ.ਐੱਚ.ਐੱਸ.) ਨੇ ਕਿਹਾ ਕਿ ਕੈਦੀਆਂ ਦੀ ਸਿਹਤ ਅਤੇ ਸੁਰੱਖਿਆ ICE ਦੀ ਪਹਿਲੀ ਤਰਜੀਹ ਹੈ। ਵਿਭਾਗ ਨੇ ਇਹ ਵੀ ਕਿਹਾ ਕਿ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਲੋਕਾਂ ਨੂੰ ਆਪਣੇ ਦੇਸ਼ ਵਾਪਸ ਜਾਣ ਲਈ 2,600 ਡਾਲਰ ਅਤੇ ਮੁਫ਼ਤ ਫਲਾਈਟ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ।
ਰਿਪੋਰਟ ਵਿਚ ਇਹ ਵੀ ਸਾਹਮਣੇ ਆਇਆ ਕਿ 2023 ਵਿਚ ਜਿੱਥੇ 2,303 ਕੈਦੀ ਸਨ, ਉੱਥੇ 2025 ਵਿਚ ਇਹ ਗਿਣਤੀ ਵੱਧ ਕੇ 6,028 ਹੋ ਗਈ, ਯਾਨੀ 162 ਫੀਸਦੀ ਦਾ ਵਾਧਾ।
ਜਾਂਚ ਦੌਰਾਨ ਅਧਿਕਾਰੀਆਂ ਨੇ ਕਈ ਸੈਂਟਰਾਂ ਵਿਚ ਮੈਡੀਕਲ ਸਟਾਫ ਦੀ ਘਾਟ, ਕੈਦੀਆਂ ਲਈ ਖਾਣੇ ਅਤੇ ਸਾਫ਼ ਪਾਣੀ ਦੀ ਕਮੀ, ਬਹੁਤ ਜ਼ਿਆਦਾ ਠੰਢ ਅਤੇ ਗੰਦੇ ਕਮਰੇ, ਫੋਨ ਅਤੇ ਕਾਨੂੰਨੀ ਮਦਦ ਤੱਕ ਸੀਮਿਤ ਪਹੁੰਚ, ਪੈਪਰ ਸਪ੍ਰੇ ਅਤੇ ਜ਼ਬਰਦਸਤੀ ਦੀ ਵਰਤੋਂ ਅਤੇ ਕੁਝ ਸੈਂਟਰਾਂ ਵਿਚ ਹਰ ਮੁਲਾਕਾਤ ਤੋਂ ਬਾਅਦ ਸਟਰਿਪ ਸਰਚ ਦੀ ਪ੍ਰਥਾ ਆਦਿ ਗੰਭੀਰ ਸਮੱਸਿਆਵਾਂ ਵੇਖੀਆਂ।
ਰਿਪੋਰਟ ‘ਚ ਯੂ.ਐੱਸ. ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਦੇ ਕਈ ਸੈਂਟਰਾਂ ਦਾ ਜ਼ਿਕਰ ਕੀਤਾ ਗਿਆ, ਜਿਨ੍ਹਾਂ ‘ਚ ਐਡੇਲੈਂਟੋ ICE ਪ੍ਰੋਸੈਸਿੰਗ ਸੈਂਟਰ ਅਤੇ ਓਟੇ ਮੇਸਾ ਡਿਟੈਂਨਸ਼ਨ ਸੈਂਟਰ ਵੀ ਸ਼ਾਮਲ ਹਨ।
ਕੈਲੀਫੋਰਨੀਆ ਡੀ.ਓ.ਜੇ. ਨੇ ਕਿਹਾ ਕਿ ਉਹ 2027 ਤੱਕ 935 ਡਿਟੇਨਸ਼ਨ ਸੈਂਟਰਾਂ ਦੀ ਜਾਂਚ ਜਾਰੀ ਰੱਖੇਗਾ ਅਤੇ ਜੂਨ 9 ਨੂੰ ਇਸ ਰਿਪੋਰਟ ਬਾਰੇ ਇੱਕ ਕਮਿਊਨਿਟੀ ਬ੍ਰੀਫਿੰਗ ਵੀ ਕੀਤੀ ਜਾਵੇਗੀ।