#PUNJAB

ਅਮਰੀਕੀ ਮਹਿਲਾ ਦਾ ਕਤਲ ਮਾਮਲਾ; ਝੂਠੇ ਸਬੂਤ ਘੜਨ ਦੇ ਮਾਮਲੇ ‘ਚ ਤਤਕਾਲੀ ਐੱਸ.ਐੱਚ.ਓ. ਖਿਲਾਫ ਮਾਮਲਾ ਦਰਜ

ਲੁਧਿਆਣਾ, 19 ਮਈ (ਪੰਜਾਬ ਮੇਲ)- ਕਿਲ੍ਹਾ ਰਾਏਪੁਰ ਵਿਖੇ ਇੱਕ ਅਮਰੀਕੀ ਮਹਿਲਾ ਦੇ ਕਤਲ ਦੇ ਸਬੰਧ ‘ਚ ਇੱਕ ਮ੍ਰਿਤਕ ਵਿਅਕਤੀ ਦਾ ਬਿਆਨ ਪੇਸ਼ ਕਰਨਾ ਤਤਕਾਲੀ ਐੱਸ.ਐੱਚ.ਓ. ਡੇਹਲੋਂ ਸੁਖਜਿੰਦਰ ਸਿੰਘ ਅਤੇ ਐੱਚ.ਸੀ. ਸੰਜੀਵ ਕੁਮਾਰ ਦੇ ਕਰੀਅਰ ‘ਤੇ ਭਾਰੀ ਪੈ ਗਿਆ ਹੈ। ਦੋਵਾਂ ਖ਼ਿਲਾਫ਼ ਕਥਿਤ ਤੌਰ ‘ਤੇ ਝੂਠੇ ਸਬੂਤ ਘੜਨ ਅਤੇ ਬੇਈਮਾਨੀ ਨਾਲ ਜਾਅਲੀ ਦਸਤਾਵੇਜ਼ ਦੀ ਵਰਤੋਂ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਹਾਲਾਂਕਿ, ਦੋਵਾਂ ਵਿਰੁੱਧ ਅਗਲੀ ਕਾਰਵਾਈ ਉਨ੍ਹਾਂ ਅਦਾਲਤਾਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤੀ ਜਾਵੇਗੀ, ਜਿੱਥੇ ਇਹ ਦਸਤਾਵੇਜ਼ ਪੇਸ਼ ਕੀਤੇ ਗਏ ਸਨ।
ਸਹਾਇਕ ਪੁਲਿਸ ਕਮਿਸ਼ਨਰ (ਏ.ਸੀ.ਪੀ.) ਅੰਗਰੇਜ਼ ਸਿੰਘ ਨੇ ਕਿਹਾ, ”ਅਸੀਂ ਉਪਰੋਕਤ ਬਿਆਨ ਦੇ ਸਬੰਧ ਵਿਚ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਦੁਆਰਾ ਕੀਤੀਆਂ ਗਈਆਂ ਟਿੱਪਣੀਆਂ ਦੇ ਆਧਾਰ ‘ਤੇ ਪੁਲਿਸ ਮੁਲਾਜ਼ਮਾਂ ਵਿਰੁੱਧ ਕਾਰਵਾਈ ਕੀਤੀ ਹੈ, ਪਰ ਅਗਲੀ ਕਾਰਵਾਈ ਕਾਨੂੰਨ ਦੀਆਂ ਉਨ੍ਹਾਂ ਅਦਾਲਤਾਂ ਦੇ ਨਿਰਦੇਸ਼ਾਂ ਅਨੁਸਾਰ ਕੀਤੀ ਜਾਵੇਗੀ ਜਿੱਥੇ ਮਾਮਲਾ ਲੰਬਿਤ ਹੈ।”
ਪੁਲਿਸ ਦੇ ਦਾਅਵੇ ਅਤੇ ਰਿਕਾਰਡ ਅਨੁਸਾਰ ਕਿਲ੍ਹਾ ਰਾਏਪੁਰ ਦੇ ਗੁਰਪ੍ਰੀਤ ਸਿੰਘ, ਜਿਸ ਦੀ ਮੌਤ 29 ਮਈ 2025 ਨੂੰ ਹੋ ਗਈ ਸੀ, ਨੇ ਐੱਨ.ਆਰ.ਆਈ. ਮਹਿਲਾ ਰੁਪਿੰਦਰ ਕੌਰ ਦੇ ਸਨਸਨੀਖੇਜ਼ ਕਤਲ ਦੇ ਸਬੰਧ ਵਿਚ ਤਤਕਾਲੀ ਐੱਸ.ਐੱਚ.ਓ. ਡੇਹਲੋਂ ਸੁਖਜਿੰਦਰ ਸਿੰਘ ਕੋਲ ਆਪਣੀ ਮੌਤ ਤੋਂ ਕਈ ਮਹੀਨੇ ਬਾਅਦ 19 ਸਤੰਬਰ ਨੂੰ ਆਪਣਾ ਬਿਆਨ ਦਰਜ ਕਰਵਾਇਆ ਸੀ। ਜਿਸ ਦੇ ਬਿਆਨ ਅਨੁਸਾਰ ਰੁਪਿੰਦਰ ਕੌਰ ਨੂੰ ਆਖਰੀ ਵਾਰ 12 ਜੁਲਾਈ 2025 ਨੂੰ ਕਿਲ੍ਹਾ ਰਾਏਪੁਰ ਦੇ ਇੱਕ ਘਰ ਵਿਚ ਦੇਖਿਆ ਗਿਆ ਸੀ, ਉਹ ਵੀ ਬਿਆਨਕਰਤਾ ਦੀ ਮੌਤ ਤੋਂ ਬਾਅਦ।
ਉਪਰੋਕਤ ਬਿਆਨ ਦੀ ਬਾਰੀਕੀ ਨਾਲ ਕੀਤੀ ਗਈ ਜਾਂਚ ਤੋਂ ਪਤਾ ਲੱਗਿਆ ਹੈ ਕਿ ਗੁਰਪ੍ਰੀਤ ਸਿੰਘ ਜੂਨ 2025 ਦੇ ਮਹੀਨੇ ਵਿਚ ਰੁਪਿੰਦਰ ਕੌਰ ਨੂੰ ਮਿਲਦਾ ਰਿਹਾ ਸੀ, ਉਸ ਨੇ 12 ਜੁਲਾਈ ਨੂੰ ਮੁੱਖ ਦੋਸ਼ੀ ਸੁਖਜੀਤ ਸਿੰਘ ਦੇ ਘਰ ਉਸ ਨੂੰ ਦੇਖਿਆ ਸੀ, ਉਸੇ ਦਿਨ ਰਾਤ 8 ਵਜੇ ਦੇ ਕਰੀਬ ਉਸਦੇ ਘਰੋਂ ਧੂੰਆਂ ਨਿਕਲਦਾ ਦੇਖਿਆ ਸੀ ਅਤੇ ਅਗਲੇ ਦਿਨ ਉਸ ਨੂੰ ਮੋਟਰਸਾਈਕਲ ‘ਤੇ ਜੂਟ ਦਾ ਬੈਗ (ਜਿਸ ਵਿਚ ਕੌਰ ਦੀ ਦੇਹ ਸੀ) ਲਿਜਾਂਦੇ ਹੋਏ ਦੇਖਿਆ ਸੀ।
ਜਾਂਚ ਕਰ ਰਹੀ ਪੁਲਿਸ ਉਸ ਵੇਲੇ ਕਟਹਿਰੇ ਵਿਚ ਆ ਗਈ, ਜਦੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਮੁੱਦੇ ‘ਤੇ 18 ਮਈ, 2026 ਤੱਕ ਸਪੱਸ਼ਟੀਕਰਨ ਮੰਗਿਆ ਸੀ, ਜਦੋਂ ਕਿਲ੍ਹਾ ਰਾਏਪੁਰ ਦੇ ਇੱਕ ਦੋਸ਼ੀ ਮਨਵੀਰ ਸਿੰਘ ਦੁਆਰਾ ਦਾਇਰ ਕੀਤੀ ਗਈ ਸੀ.ਆਰ.ਐੱਮ. ਅਗਲੀ ਸੁਣਵਾਈ ਲਈ ਸੂਚੀਬੱਧ ਸੀ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਸੁਮੀਤ ਗੋਇਲ ਨੇ ਇਸ ਤੋਂ ਪਹਿਲਾਂ ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਕਾਨੂੰਨ ਅਤੇ ਵਿਵਸਥਾ), ਪੰਜਾਬ ਨੂੰ ਇਸ ਮਾਮਲੇ ਦੀ ਜਾਂਚ ਕਰਨ ਅਤੇ ਅਦਾਲਤ ਵਿਚ ਹਲਫ਼ਨਾਮੇ ਰਾਹੀਂ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਸਨ। ਅਦਾਲਤ ਦੇ ਨਿਰਦੇਸ਼ਾਂ ਤੋਂ ਬਾਅਦ ਹੀ ਐੱਸ.ਆਈ.ਟੀ. ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ ਅਤੇ ਤਤਕਾਲੀ ਐੱਸ.ਐੱਚ.ਓ. ਡੇਹਲੋਂ ਸੁਖਜਿੰਦਰ ਸਿੰਘ ਨੂੰ ਇਨ੍ਹਾਂ ਬੇਨਿਯਮੀਆਂ ਲਈ ਜ਼ਿੰਮੇਵਾਰ ਪਾਇਆ ਗਿਆ।
ਜਾਂਚ ਦੌਰਾਨ ਸੁਖਜਿੰਦਰ ਸਿੰਘ ਨੇ ਬਿਆਨ ਦਰਜ ਕਰਨ ਅਤੇ ਆਪਣੇ ਦਸਤਖ਼ਤ ਕਰਨ ਤੋਂ ਇਨਕਾਰ ਕੀਤਾ ਸੀ। ਉਨ੍ਹਾਂ ਇਹ ਵੀ ਦਲੀਲ ਦਿੱਤੀ ਕਿ 4 ਅਕਤੂਬਰ 2025 ਨੂੰ ਉਨ੍ਹਾਂ ਦੇ ਤਬਾਦਲੇ ਤੋਂ ਬਾਅਦ ਫਾਈਲ ਐੱਚ.ਸੀ. ਸੰਜੀਵ ਕੁਮਾਰ ਕੋਲ ਰਹੀ ਸੀ।
ਜ਼ਿਕਰਯੋਗ ਹੈ ਕਿ ਡੇਹਲੋਂ ਪੁਲਿਸ ਇੱਕ ਐੱਨ.ਆਰ.ਆਈ. ਮਹਿਲਾ ਰੁਪਿੰਦਰ ਕੌਰ ਦੇ ਕਤਲ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ, ਜੋ ਜੁਲਾਈ 2025 ਦੇ ਮਹੀਨੇ ਵਿਚ ਕਿਲ੍ਹਾ ਰਾਏਪੁਰ ਦੇ ਸੁਖਜੀਤ ਸਿੰਘ ਅਤੇ ਮਨਵੀਰ ਸਿੰਘ ਦੇ ਘਰ ਰਹਿਣ ਦੌਰਾਨ ਲਾਪਤਾ ਹੋ ਗਈ ਸੀ। ਮਨਵੀਰ ਸਿੰਘ, ਜੋ ਕਿ ਸ਼ੱਕੀਆਂ ਵਿਚੋਂ ਇੱਕ ਹੈ, ਨੇ ਇੱਕ ਮ੍ਰਿਤਕ ਵਿਅਕਤੀ ਦੇ ਬਿਆਨ ਨੂੰ ਚੁਣੌਤੀ ਦਿੱਤੀ ਸੀ, ਜੋ ਅਦਾਲਤ ਵਿਚ ਪੇਸ਼ ਕੀਤੀ ਗਈ ਚਾਰਜਸ਼ੀਟ ਦੇ ਨਾਲ ਨੱਥੀ ਹੈ।