#AMERICA

ਅਮਰੀਕਾ ‘ਚ ਟੀ 20 ਵਰਲਡ ਕੱਪ ਨੂੰ ਲੈ ਕੇ ਸੁਰੱਖਿਆ ਦੇ ਸਖਤ ਪ੍ਰਬੰਧ

– ਅੱਤਵਾਦੀ ਸੰਗਠਨ ਆਈ.ਐੱਸ.ਆਈ.ਐੱਸ.-ਕੇ ਨੇ ਟੂਰਨਾਮੈਂਟ ਦੌਰਾਨ ਗੜਬੜ ਕਰਨ ਦੀ ਦਿੱਤੀ ਧਮਕੀ
ਸੈਕਰਾਮੈਂਟੋ, 3 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਲਾਂਗ ਆਈਲੈਂਡ, ਨਿਊਯਾਰਕ ‘ਤੇ ਹੋ ਰਹੇ ਆਈ.ਸੀ.ਸੀ. ਟੀ-20 ਵਰਲਡ ਕੱਪ ਦੌਰਾਨ ਗੜਬੜੀ ਕਰਨ ਸਬੰਧੀ ਅੱਤਵਾਦੀ ਸੰਗਠਨ ਆਈ.ਐੱਸ.ਆਈ.ਐੱਸ.-ਕੇ ਵੱਲੋਂ ਮਿਲੀਆਂ ਧਮਕੀਆਂ ਦੇ ਮੱਦੇਨਜ਼ਰ ਅਧਿਕਾਰੀਆਂ ਨੇ ਸੁਰੱਖਿਆ ਕਦਮ ਚੁੱਕੇ ਹਨ। ਨਾਸਾਊ ਕਾਊਂਟੀ ਦੇ ਪੁਲਿਸ ਕਮਿਸ਼ਨਰ ਪੈਟਰਿਕ ਜੇ ਰਾਈਡਰ ਨੇ ਕਿਹਾ ਹੈ ਕਿ ਇਸ ਸਾਲ ਅਪ੍ਰੈਲ ਵਿਚ ਆਈ.ਐੱਸ.ਆਈ.ਐੱਸ.-ਕੇ ਨੇ ਗੜਬੜ ਕਰਨ ਦੀ ਧਮਕੀ ਦਿੱਤੀ ਸੀ। ਇਸ ਤੋਂ ਬਾਅਦ ਖਾਸ ਕਰਕੇ 9 ਜੂਨ ਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ ਹੋ ਰਹੇ ਮੈਚ ਦੌਰਾਨ ਗੜਬੜ ਕਰਨ ਦੀਆਂ ਧਮਕੀਆਂ ਮਿਲੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਧਮਕੀਆਂ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਤੇ ਸੁਰੱਖਿਆ ਪ੍ਰਬੰਧਾਂ ਵਿਚ ਕੋਈ ਢਿੱਲ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਾਸਾਊ ਕਾਊਂਟੀ ਸਭ ਤੋਂ ਵਧ ਸੁਰੱਖਿਅਤ ਜਗ੍ਹਾ ਹੋਵੇਗੀ।