ਸੈਕਰਾਮੈਂਟੋ, 27 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਕਾਲੇ ਵਿਅਕਤੀ ਜਾਰਜ ਫਲਾਇਡ ਦੀ ਮਈ 2020 ਵਿਚ ਹੋਈ ਹੱਤਿਆ ਦੇ ਚਰਚਿਤ ਮਾਮਲੇ ਵਿਚ ਕੈਦ ਕੱਟ ਰਹੇ ਮਿਨੀਆਪੋਲਿਸ ਦੇ ਸਾਬਕਾ ਪੁਲਿਸ ਅਫਸਰ ਡੈਰਕ ਚੌਵਿਨ ਉਪਰ ਸਾਥੀ ਕੈਦੀ ਵੱਲੋਂ ਚਾਕੂ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦੇਣ ਦੀ ਖਬਰ ਹੈ। ਸੰਘੀ ਅਧਿਕਾਰੀਆਂ ਅਨੁਸਾਰ ਐਰੀਜ਼ੋਨਾ ਦੀ ਜੇਲ ਵਿਚ ਉਸ ਵੇਲੇ ਚੌਵਿਨ ਗੰਭੀਰ ਜ਼ਖਮੀ ਹੋ ਗਿਆ, ਜਦੋਂ ਉਸ ਦੇ ਇਕ ਹੋਰ ਸਾਥੀ ਕੈਦੀ ਨੇ ਉਸ ਉਪਰ ਹਮਲਾ ਕਰ ਦਿੱਤਾ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ, ਜਿਥੇ ਉਸ ਦੀ ਹਾਲਤ ਸਥਿਰ ਦਸੀ ਗਈ ਹੈ। ਮਿਨੀਸੋਟਾ ਦੇ ਅਟਾਰਨੀ ਜਨਰਲ ਕੀਥ ਏਲੀਸਨ ਨੇ ਇਕ ਬਿਆਨ ਵਿਚ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਐਰੀਜ਼ੋਨਾ ਰਾਜ ਦੀ ਟਕਸਨ ਸੰਘੀ ਜੇਲ ਵਿਚ ਹੋਈ ਹਿੰਸਾ ਵਿਚ ਚੌਵਿਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਹੈ ਕਿ ਚੌਵਿਨ ਨੂੰ ਹੋਰ ਦੋਸ਼ੀਆਂ ਦੀ ਤਰ੍ਹਾਂ ਅਪਰਾਧ ਲਈ ਸਜ਼ਾ ਦਿੱਤੀ ਗਈ ਹੈ ਤੇ ਉਸ ਨੂੰ ਵੀ ਬਿਨਾਂ ਕਿਸੇ ਜਵਾਬੀ ਕਾਰਵਾਈ ਦੇ ਡਰ ਜਾਂ ਹਿੰਸਾ ਦੇ ਆਪਣੀ ਸਜ਼ਾ ਪੂਰੀ ਕਰਨ ਦਾ ਅਧਿਕਾਰ ਹੈ। ਇਥੇ ਜ਼ਿਕਰਯੋਗ ਹੈ ਕਿ ਅਪ੍ਰੈਲ 2021 ਵਿਚ ਫਲਾਇਡ ਦੀ ਹੱਤਿਆ ਸਬੰਧੀ ਰਾਜ ਵੱਲੋਂ ਲਾਏ ਦੋਸ਼ਾਂ ਲਈ ਇਕ ਅਦਾਲਤ ਵੱਲੋਂ ਚੌਵਿਨ ਨੂੰ ਸਾਢੇ 22 ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਬਾਅਦ ਵਿਚ ਇਕ ਸੰਘੀ ਅਦਾਲਤ ਨੇ ਜ਼ਮੀਨ ਉਪਰ ਪੁੱਠਾ ਡਿੱਗੇ ਪਏ ਫਲਾਇਡ ਦੀ ਧੌਣ ਉਪਰ ਗੋਡਾ ਰੱਖ ਕੇ ਉਸ ਦੇ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਤਹਿਤ 21 ਸਾਲ ਵੱਖਰੀ ਸਜ਼ਾ ਸੁਣਾਈ ਗਈ ਸੀ। ਫਲਾਇਡ ਦੀ ਹੱਤਿਆ ਤੋਂ ਬਾਅਦ ਕਾਲਿਆਂ ਨਾਲ ਧੱਕਾ ਤੇ ਵਿਤਕਰਾ ਕਰਨ ਨੂੰ ਲੈ ਕੇ ਵੱਡੀ ਪੱਧਰ ਉਪਰ ਪੂਰੇ ਅਮਰੀਕਾ ਵਿਚ ਪ੍ਰਦਰਸ਼ਨ ਹੋਏ ਸਨ।