#AMERICA

ਅਮਰੀਕਾ ‘ਚ ਜਬਰ-ਜਨਾਹ ਮਾਮਲੇ ‘ਚ 29 ਸਾਲ ਜੇਲ੍ਹ ਕੱਟਣ ਉਪਰੰਤ ਵਿਅਕਤੀ ਨੂੰ ਨਿਰਦੋਸ਼ ਐਲਾਨਿਆ; ਹੋਈ ਰਿਹਾਈ

ਸੈਕਰਾਮੈਂਟੋ, 11 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਲੂਸੀਆਨਾ ਰਾਜ ਵਿਚ ਨਿਊ ਓਰਲੀਨਜ ਸ਼ਹਿਰ ਦੇ ਵਸਨੀਕ ਇਕ ਵਿਅਕਤੀ ਨੂੰ ਜਬਰ-ਜਨਾਹ ਦੇ ਮਾਮਲੇ ਵਿਚ 29 ਸਾਲ ਕੈਦ ਕੱਟਣ ਉਪਰੰਤ ਨਿਰਦੋਸ਼ ਕਰਾਰ ਦੇ ਕੇ ਰਿਹਾਅ ਕਰਨ ਦੀ ਖਬਰ ਹੈ। ਪੈਟਰਿਕ ਬਰਾਊਨ ਨਾਮੀ ਵਿਅਕਤੀ ਨੂੰ 1994 ਵਿਚ ਮਤਰੇਈ ਧੀ ਨਾਲ ਜਬਰ-ਜਨਾਹ ਕਰਨ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਸੀ, ਜਦਕਿ ਪੈਟਰਿਕ ਨੇ ਆਪਣੇ ਆਪ ਨੂੰ ਨਿਰਦੋਸ਼ ਦੱਸਿਆ ਸੀ ਤੇ ਕਿਹਾ ਸੀ ਕਿ ਉਸ ਨੂੰ ਫਸਾਇਆ ਗਿਆ ਹੈ। ਓਰਲੀਨਜ ਡਿਸਟ੍ਰਿਕਟ ਅਟਾਰਨੀ ਦੇ ਦਫਤਰ ਵੱਲੋਂ ਜਾਰੀ ਬਿਆਨ ਅਨੁਸਾਰ ਉਸ ਸਮੇ ਬੱਚੀ ਦੀ ਅਦਾਲਤ ਵਿਚ ਗਵਾਹੀ ਨਹੀਂ ਹੋਈ ਸੀ, ਬਲਕਿ ਉਸ ਦੀ ਤਰਫੋਂ ਕੁਝ ਹੋਰ ਲੋਕਾਂ ਨੇ ਗਵਾਹੀ ਦਿੱਤੀ ਸੀ। 2002 ਤੋਂ ਬਾਅਦ ਬੱਚੀ ਨੇ ਡਿਸਟ੍ਰਿਕਟ ਅਟਾਰਨੀ ਦੇ ਦਫਤਰ ਨੂੰ ਵਾਰ-ਵਾਰ ਬੇਨਤੀ ਕੀਤੀ ਕਿ ਮਾਮਲੇ ਦੀ ਦੁਬਾਰਾ ਜਾਂਚ ਕੀਤੀ ਜਾਵੇ ਤੇ ਅਸਲ ਦੋਸ਼ੀ ਨੂੰ ਸਜ਼ਾ ਦਿੱਤੀ ਜਾਵੇ। ਡਿਸਟ੍ਰਿਕਟ ਅਟਾਰਨੀ ਦੇ ਦਫਤਰ ਦੀ ਮਨੁੱਖੀ ਹੱਕਾਂ ਬਾਰੇ ਇਕਾਈ ਨੇ ਮਾਮਲੇ ਦੀ ਨਵੇਂ ਸਿਰੇ ਤੋਂ ਜਾਂਚ ਉਪਰੰਤ ਸਿੱਟਾ ਕੱਢਿਆ ਕਿ ਪੈਟਰਿਕ ਵਿਰੁੱਧ ਸਬੂਤ ਮਨਘੜਤ ਹਨ। ਉਸ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਫੈਸਲੇ ਨੂੰ ਸੋਧਿਆ ਜਾਵੇ। ਕ੍ਰਿਮੀਨਲ ਡਿਸਟ੍ਰਿਕਟ ਕੋਰਟ ਦੇ ਜੱਜ ਕੈਲਵਿਨ ਜੌਹਨਸਨ ਵੱਲੋਂ ਸਜ਼ਾ ਰੱਦ ਕਰਨ ਦਾ ਫੈਸਲਾ ਸੁਣਾਉਣ ਉਪਰੰਤ ਬਰਾਊਨ ਨੂੰ ਤੁਰੰਤ ਰਿਹਾਅ ਕਰ ਦਿੱਤਾ ਗਿਆ। ਬਿਆਨ ਅਨੁਸਾਰ ਅਦਾਲਤ ਵਿਚ ਪੀੜਤ ਬੱਚੀ ਮੌਜੂਦ ਸੀ ਤੇ ਉਸ ਨੇ ਆਪਣਾ ਬਿਆਨ ਦਰਜ ਕਰਵਾਇਆ ਹੈ।

Leave a comment