#INDIA

ਅਮਰੀਕਾ ‘ਚ ਚਾਰ ਭਾਰਤੀ Students ਦੀ ਮੌਤ ਨਾਲ ਮਾਪਿਆਂ ‘ਚ ਚਿੰਤਾ ਦਾ ਮਾਹੌਲ

– ਲੋਕਾਂ ਨੇ ਨੌਜਵਾਨਾਂ ਦੀ ਸੁਰੱਖਿਆ ਲਈ ਕਦਮ ਚੁੱਕਣ ਦੀ ਕੀਤੀ ਮੰਗ
– ਭਾਰਤੀ ਵਿਦਿਆਰਥੀਆਂ ਦੀ ਸਲਾਮਤੀ ਸਾਡੀ ਤਰਜੀਹ: ਜੈਸ਼ੰਕਰ
ਨਵੀਂ ਦਿੱਲੀ, 5 ਫਰਵਰੀ (ਪੰਜਾਬ ਮੇਲ)- ਅਮਰੀਕਾ ‘ਚ ਚਾਰ ਭਾਰਤੀ ਵਿਦਿਆਰਥੀਆਂ ਦੀ ਉਪਰੋਥੱਲੀ ਮੌਤ ਨਾਲ ਵਿਦੇਸ਼ ‘ਚ ਪੜ੍ਹਨ ਗਏ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਦਾ ਮਾਹੌਲ ਪੈਦਾ ਹੋ ਗਿਆ ਹੈ। ਗੁੱਸੇ ‘ਚ ਆਏ ਲੋਕਾਂ ਨੇ ਮੰਗ ਕੀਤੀ ਹੈ ਕਿ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਲਈ ਨਿਰਦੇਸ਼ ਜਾਰੀ ਕੀਤੇ ਜਾਣ। ਸਿਨਸਿਨਾਟੀ ਦੇ ਲਿੰਡਨਰ ਸਕੂਲ ਆਫ਼ ਬਿਜ਼ਨਸ ਦੇ ਵਿਦਿਆਰਥੀ ਸ਼੍ਰੇਅਸ ਰੈੱਡੀ ਬੇਨਿਗਰੀ ਦੀ ਵੀਰਵਾਰ ਨੂੰ ਮੌਤ ਹੋਈ ਹੈ। ਬੀਤੇ ਇਕ ਮਹੀਨੇ ‘ਚ ਚਾਰ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਪਰਡਿਊ ਯੂਨੀਵਰਸਿਟੀ ਦੇ ਨੀਲ ਅਚਾਰਿਆ, ਜੌਰਜੀਆ ‘ਚ ਐੱਮ.ਬੀ.ਏ. ਵਿਦਿਆਰਥੀ ਵਿਵੇਕ ਸੈਣੀ ਅਤੇ ਇਲੀਨੌਇਸ ਯੂਨੀਵਰਸਿਟੀ ਦੇ ਅਕੁਲ ਬੀ ਧਵਨ ਦੀ ਮੌਤ ਹੋ ਚੁੱਕੀ ਹੈ। ਸ਼੍ਰੇਅਸ ਦੀ ਮੌਤ ਮਗਰੋਂ ਨਿਊਯਾਰਕ ‘ਚ ਭਾਰਤੀ ਕੌਂਸਲੇਟ ਨੇ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਧਰ ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਭਾਰਤੀ ਵਿਦਿਆਰਥੀਆਂ ਦੀ ਮੌਤ ‘ਤੇ ਦੁੱਖ ਜ਼ਾਹਿਰ ਕਰਦਿਆਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਸੁਰੱਖਿਆ ਸਬੰਧੀ ਉਪਾਅ ਕੀਤੇ ਜਾਣੇ ਚਾਹੀਦੇ ਹਨ।
ਉਧਰ ਪਿਛਲੇ ਇਕ ਮਹੀਨੇ ਦੌਰਾਨ ਅਮਰੀਕਾ ‘ਚ ਚਾਰ ਨੌਜਵਾਨਾਂ ਦੀ ਮੌਤ ਮਗਰੋਂ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਪਿਛਲੇ ਪੰਜ ਸਾਲਾਂ ਦੌਰਾਨ ਵੱਖ-ਵੱਖ ਕਾਰਨਾਂ ਕਰਕੇ 34 ਮੁਲਕਾਂ ‘ਚ 403 ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਚੁੱਕੀ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਲੋਕ ਸਭਾ ‘ਚ ਲਿਖਤੀ ਜਵਾਬ ਦੌਰਾਨ ਕਿਹਾ ਕਿ ਕੁਦਰਤੀ ਕਾਰਨਾਂ, ਹਾਦਸਿਆਂ ਅਤੇ ਸਿਹਤ ਵਿਗੜਨ ਸਮੇਤ ਹੋਰ ਕਾਰਨਾਂ ਕਰਕੇ ਭਾਰਤੀ ਵਿਦਿਆਰਥੀਆਂ ਦੀ ਵਿਦੇਸ਼ਾਂ ‘ਚ ਮੌਤ ਹੋਈ ਹੈ। ਉਨ੍ਹਾਂ ਕਿਹਾ ਕਿ ਭਾਰਤੀ ਵਿਦਿਆਰਥੀਆਂ ਦੀ ਸਲਾਮਤੀ ਸਰਕਾਰ ਦੀ ਤਰਜੀਹ ਹੈ। ਉਨ੍ਹਾਂ ਟੀ.ਡੀ.ਪੀ. ਦੇ ਜਯਦੇਵ ਗਾਲਾ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ‘ਚ ਇਹ ਗੱਲ ਆਖੀ। ਟੀ.ਡੀ.ਪੀ. ਆਗੂ ਨੇ ਪੁੱਛਿਆ ਸੀ ਕਿ ਸਰਕਾਰ ਨੇ ਵਿਦੇਸ਼ੀ ਮੁਲਕਾਂ ‘ਚ ਭਾਰਤੀ ਵਿਦਿਆਰਥੀਆਂ ਦੀ ਸਲਾਮਤੀ ਲਈ ਕੀ ਕਦਮ ਚੁੱਕੇ ਹਨ। ਵਿਦੇਸ਼ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਕੈਨੇਡਾ ‘ਚ 91, ਯੂ.ਕੇ. ‘ਚ 48, ਆਸਟਰੇਲੀਆ ‘ਚ 35, ਰੂਸ ‘ਚ 40, ਅਮਰੀਕਾ ‘ਚ 36, ਯੂਕਰੇਨ ‘ਚ 21, ਸਾਈਪ੍ਰਸ ‘ਚ 14, ਜਰਮਨੀ ‘ਚ 20, ਇਟਲੀ ‘ਚ 10 ਅਤੇ ਚੀਨ, ਕਿਰਗੀਜ਼ਸਤਾਨ ਤੇ ਕਤਰ ‘ਚ 9-9 ਭਾਰਤੀ ਵਿਦਿਆਰਥੀਆਂ ਦੀ ਮੌਤ ਹੋਈ ਹੈ।