#AMERICA

ਅਮਰੀਕਾ ‘ਚ ਘਰੇਲੂ ਝਗੜਾ ਨਿਪਟਾਉਣ ਗਏ Police ਅਫਸਰਾਂ ‘ਤੇ ਚਲਾਈ ਗੋਲੀ

* ਗੋਲੀਬਾਰੀ ‘ਚ ਇਕ ਮੌਤ ਤੇ 2 ਪੁਲਿਸ ਅਫਸਰ ਜ਼ਖਮੀ, ਹਮਲਾਵਰ ਵੀ ਮਾਰਿਆ ਗਿਆ
ਸੈਕਰਾਮੈਂਟੋ, 30 ਜਨਵਰੀ (ਹੁਸਨ ਲੜਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਫਲੋਰਿਡਾ ਰਾਜ ਦੇ ਪਾਲਮ ਬੇਅ ਖੇਤਰ ਵਿਚ ਘਰੇਲੂ ਝਗੜੇ ਸਬੰਧੀ ਸੂਚਨਾ ਮਿਲਣ ‘ਤੇ ਮੌਕੇ ‘ਤੇ ਪੁੱਜੇ ਪੁਲਿਸ ਅਫਸਰਾਂ ਉਪਰ ਇਕ ਸ਼ੱਕੀ ਵਿਅਕਤੀ ਵੱਲੋਂ ਗੋਲੀ ਚਲਾ ਦੇਣ ਦੀ ਖਬਰ ਹੈ। ਪਾਲਮ ਬੀਚ ਪੁਲਿਸ ਮੁੱਖੀ ਮਾਰੀਆਨੋ ਔਗੇਲੋ ਨੇ ਇਕ ਪ੍ਰੈੱਸ ਬਿਆਨ ਵਿਚ ਕਿਹਾ ਹੈ ਕਿ ਪੁਲਿਸ ਅਫਸਰ ਮੌਕੇ ‘ਤੇ ਪੁੱਜੇ, ਤਾਂ ਉਨ੍ਹਾਂ ਦਾ ਸਾਹਮਣਾ ਇਕ 24 ਸਾਲਾ ਹਥਿਆਰਬੰਦ ਵਿਅਕਤੀ ਨਾਲ ਹੋਇਆ। ਪੁਲਿਸ ਅਫਸਰਾਂ ਤੇ ਵਿਅਕਤੀ ਵਿਚਾਲੇ ਦੁਪਾਸੜ ਗੋਲੀਬਾਰੀ ਹੋਈ। ਇਸ ਦੌਰਾਨ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ। ਉਨ੍ਹਾਂ ਕਿਹਾ ਕਿ ਪੁਲਿਸ ਨੇ ਪਿੱਛਾ ਕਰਕੇ  ਹਮਲਾਵਰ ਨੂੰ ਘੇਰ ਲਿਆ, ਜਿਸ ਦੌਰਾਨ ਹੋਈ ਗੋਲੀਬਾਰੀ ਵਿਚ ਹਮਲਾਵਰ ਦੀ ਮੌਤ ਹੋ ਗਈ। ਇਸ ਦੌਰਾਨ ਇਕ ਹੋਰ ਵਿਅਕਤੀ ਵੀ ਮਾਰਿਆ ਗਿਆ। ਸਮਝਿਆ ਜਾਂਦਾ ਹੈ ਕਿ ਉਸ ਦੀ ਮੌਤ ਸ਼ੱਕੀ ਵਿਅਕਤੀ ਵੱਲੋਂ ਚਲਾਈ ਗੋਲੀ ਨਾਲ ਹੋਈ ਹੈ। ਪੁਲਿਸ ਮੁਖੀ ਨੇ ਕਿਹਾ ਕਿ ਸਾਡੇ ਅਫਸਰਾਂ ਨੇ ਉਹ ਹੀ ਕੁਝ ਕੀਤਾ ਹੈ, ਜਿਸ ਲਈ ਉਨ੍ਹਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਲੋਕਾਂ ਲਈ ਖਤਰਾ ਬਣੇ ਵਿਅਕਤੀ ਵਿਰੁੱਧ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਵਿਚ ਜ਼ਖਮੀ ਹੋਏ ਪੁਲਿਸ ਅਫਸਰਾਂ ਦਾ ਸਥਾਨਕ ਹਸਪਤਾਲ ‘ਚ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀ ਹਾਲਤ ਸਥਿਰ ਹੈ। ਘਟਨਾ ਦੀ ਜਾਂਚ ਫਲੋਰਿਡਾ ਡਿਪਾਰਟਮੈਂਟ ਆਫ ਲਾਅ ਇਨਫੋਰਸਮੈਂਟ ਵੱਲੋਂ ਕੀਤੀ ਜਾਵੇਗੀ। ਪੁਲਿਸ ਨੇ ਸ਼ੱਕੀ ਹਮਲਾਵਰ ਦਾ ਨਾਂ ਜਾਰੀ ਨਹੀਂ ਕੀਤਾ ਹੈ।