#AMERICA

ਅਮਰੀਕਾ ‘ਚ ਗੈਰ-ਪ੍ਰਵਾਸੀ VISA ਫੀਸਾਂ ‘ਚ ਭਾਰੀ ਵਾਧਾ

– ਐੱਚ-1ਬੀ, ਐੱਲ-1 ਅਤੇ ਈ.ਬੀ.-5 ਵੀਜ਼ਾ ‘ਤੇ ਨਵੀਆਂ ਦਰਾਂ ਹੋਈਆਂ ਲਾਗੂ
– 8 ਸਾਲ ਬਾਅਦ ਹੋਇਆ ਫੀਸ ‘ਚ ਵਾਧਾ
ਨਿਊਯਾਰਕ, 3 ਅਪ੍ਰੈਲ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਦੇ ਗੈਰ-ਪ੍ਰਵਾਸੀ ਵੀਜ਼ਾ ਲਈ ਵਸੂਲੀ ਜਾਣ ਵਾਲੀ ਫੀਸ ‘ਚ 1 ਅਪ੍ਰੈਲ ਤੋਂ ਲਗਭਗ ਤਿੰਨ ਗੁਣਾ ਵਾਧਾ ਹੋਇਆ ਹੈ। ਇਹ ਵਾਧਾ ਐੱਚ-1ਬੀ, ਐੱਲ-1 ਅਤੇ ਈਬੀ-5 ਵੀਜ਼ਾ ‘ਤੇ ਲਾਗੂ ਹੋਇਆ ਹੈ।
ਇਹ ਫੀਸ ਵਾਧਾ ਕਰੀਬ ਅੱਠ ਸਾਲਾਂ ਬਾਅਦ ਹੋਇਆ ਹੈ। ਇਸ ਤੋਂ ਪਹਿਲਾਂ 2016 ਵਿਚ ਫੀਸਾਂ ਵਿਚ ਵਾਧਾ ਕੀਤਾ ਗਿਆ ਸੀ। ਯੂਨਾਈਟਿਡ ਸਟੇਟਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂ.ਐੱਸ.ਸੀ.ਆਈ.ਐੱਸ.) ਨੇ ਪਹਿਲਾਂ ਹੀ ਜਾਰੀ ਨੋਟੀਫਿਕੇਸ਼ਨ ‘ਚ ਕਿਹਾ ਹੈ ਕਿ ਵੀਜ਼ਾ ‘ਚ ਵਾਧੇ ਤੋਂ ਬਾਅਦ ਨਵੇਂ ਚਾਰਜ 1 ਅਪ੍ਰੈਲ ਤੋਂ ਲਾਗੂ ਹੋਣਗੇ।
ਨਵੇਂ ਐੱਚ-1ਬੀ ਵੀਜ਼ਾ ਲਈ ਅਰਜ਼ੀ ਦੇਣ ਲਈ ਇੱਕ ਫਾਰਮ ਆਈ-129 ਹੈ, ਜਿਸ ਦੀ ਫੀਸ 460 ਡਾਲਰ ਤੋਂ ਵਧ ਕੇ 780 ਡਾਲਰ ਹੋ ਗਈ ਹੈ। ਭਾਰਤੀ ਮੁਦਰਾ ਵਿਚ, ਇਹ 38,000 ਰੁਪਏ ਤੋਂ ਵੱਧ ਕੇ 64,000 ਰੁਪਏ ਹੋ ਗਿਆ ਹੈ। ਇਸ ਤੋਂ ਇਲਾਵਾ ਐੱਚ-1ਬੀ ਰਜਿਸਟ੍ਰੇਸ਼ਨ ਫੀਸ 10 ਡਾਲਰ (829 ਰੁਪਏ) ਤੋਂ ਵਧ ਕੇ 215 ਡਾਲਰ (ਲਗਭਗ 17,000 ਰੁਪਏ) ਹੋ ਗਈ ਹੈ।
ਇਸ ਤੋਂ ਬਾਅਦ ਐੱਲ-1 ਵੀਜ਼ਾ ਫੀਸ 1 ਅਪ੍ਰੈਲ ਤੋਂ ਤਿੰਨ ਗੁਣਾ ਵਧ ਗਈ ਹੈ, ਜੋ ਕਿ ਪਹਿਲਾਂ 460 ਡਾਲਰ ਡਾਲਰ (ਲਗਭਗ 38,000 ਰੁਪਏ) ਸੀ ਤੇ ਹੁਣ 1385 ਡਾਲਰ (1,10,000 ਰੁਪਏ) ਹੋਣ ਦੀ ਸੰਭਾਵਨਾ ਹੈ। ਐੱਲ-1 ਅਮਰੀਕਾ ਵਿਚ ਗੈਰ-ਪ੍ਰਵਾਸੀ ਵੀਜ਼ਾ ਸ਼੍ਰੇਣੀ ਦੇ ਅਧੀਨ ਆਉਂਦਾ ਹੈ। ਇਹ ਕੰਪਨੀ ਵਿਚ ਕੰਮ ਕਰ ਰਹੇ ਕਰਮਚਾਰੀਆਂ ਦੇ ਤਬਾਦਲੇ ਲਈ ਤਿਆਰ ਕੀਤਾ ਗਿਆ ਹੈ।
ਨਾਲ ਹੀ ਈਬੀ-5 ਵੀਜ਼ਾ ਫੀਸ ਤਿੰਨ ਗੁਣਾ ਹੋਣ ਦੀ ਉਮੀਦ ਹੈ। ਇਸ ਦੇ ਵਧ ਕੇ 11160 ਡਾਲਰ (ਲਗਭਗ 9 ਲੱਖ ਰੁਪਏ) ਹੋਣ ਦੀ ਉਮੀਦ ਹੈ, ਜਦੋਂ ਕਿ ਇਸ ਪਹਿਲਾਂ ਇਹ 3675 ਡਾਲਰ (ਲਗਭਗ 3 ਲੱਖ ਰੁਪਏ) ਸੀ। ਈ.ਬੀ.-5 ਵੀਜ਼ਾ ਅਮਰੀਕੀ ਸਰਕਾਰ ਨੇ 1990 ਵਿਚ ਸ਼ੁਰੂ ਕੀਤਾ ਸੀ। ਇਸ ਤਹਿਤ ਉੱਚ ਆਮਦਨੀ ਵਾਲੇ ਵਿਦੇਸ਼ੀ ਨਿਵੇਸ਼ਕ ਅਮਰੀਕੀ ਕਾਰੋਬਾਰਾਂ ਵਿਚ ਘੱਟੋ-ਘੱਟ 5 ਮਿਲੀਅਨ ਡਾਲਰ ਦਾ ਨਿਵੇਸ਼ ਕਰਕੇ ਆਪਣੇ ਪਰਿਵਾਰਾਂ ਲਈ ਵੀਜ਼ਾ ਪ੍ਰਾਪਤ ਕਰ ਸਕਦੇ ਹਨ। ਇਸ ਤਹਿਤ ਉਸ ਨੂੰ ਕਾਰੋਬਾਰ ਵਿਚ ਘੱਟੋ-ਘੱਟ 10 ਅਮਰੀਕੀਆਂ ਨੂੰ ਰੁਜ਼ਗਾਰ ਦੇਣਾ ਲਾਜ਼ਮੀ ਹੁੰਦਾ ਹੈ।