ਨਿਊਯਾਰਕ, 24 ਦਸੰਬਰ (ਪੰਜਾਬ ਮੇਲ)- ਅਮਰੀਕੀ ਸਰਹੱਦੀ ਗਸ਼ਤ ਏਜੰਟਾਂ ਨੇ ਵਪਾਰਕ ਡਰਾਈਵਿੰਗ ਲਾਇਸੈਂਸਾਂ (C.D.L.) ‘ਤੇ ਸੈਮੀ-ਟਰੱਕ ਚਲਾ ਰਹੇ 30 ਭਾਰਤੀ ਨਾਗਰਿਕਾਂ ਸਮੇਤ ਕੁੱਲ 49 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਹੈ। ਅਮਰੀਕੀ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (C.B.P.) ਅਨੁਸਾਰ ਕੈਲੀਫੋਰਨੀਆ ਦੇ ਐਲ ਸੈਂਟਰੋ ਸੈਕਟਰ ਵਿਚ 23 ਨਵੰਬਰ ਤੋਂ 12 ਦਸੰਬਰ ਦਰਮਿਆਨ ਚਲਾਈ ਗਈ ਮੁਹਿੰਮ ਦੌਰਾਨ ਇਹ ਗ੍ਰਿਫਤਾਰੀਆਂ ਹੋਈਆਂ। ਇਹ ਲੋਕ ਅੰਤਰਰਾਜੀ ਮਾਰਗਾਂ ‘ਤੇ ਟਰੱਕ ਚਲਾਉਂਦੇ ਹੋਏ ਫੜੇ ਗਏ ਹਨ।
ਫੜੇ ਗਏ ਵਿਅਕਤੀਆਂ ਵਿਚ ਸਭ ਤੋਂ ਵੱਧ 30 ਭਾਰਤੀ ਹਨ, ਜਦਕਿ ਬਾਕੀ ਚੀਨ, ਰੂਸ, ਮੈਕਸੀਕੋ ਅਤੇ ਹੋਰ ਦੇਸ਼ਾਂ ਨਾਲ ਸਬੰਧਤ ਹਨ। ਇਨ੍ਹਾਂ ਵਿਚੋਂ ਬਹੁਤੇ ਲਾਇਸੈਂਸ ਕੈਲੀਫੋਰਨੀਆ ਵੱਲੋਂ ਜਾਰੀ ਕੀਤੇ ਗਏ ਸਨ। ਇਸ ਤੋਂ ਇਲਾਵਾ 10 ਅਤੇ 11 ਦਸੰਬਰ ਨੂੰ ‘ਅਪਰੇਸ਼ਨ ਹਾਈਵੇਅ ਸੈਂਟੀਨਲ’ ਤਹਿਤ ਕੀਤੀ ਗਈ ਕਾਰਵਾਈ ਵਿਚ ਵੀ ਕਈ ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਮੁਹਿੰਮ ਖਾਸ ਤੌਰ ‘ਤੇ ਉਨ੍ਹਾਂ ਵਪਾਰਕ ਟਰੱਕਿੰਗ ਕੰਪਨੀਆਂ ਨੂੰ ਨਿਸ਼ਾਨਾ ਬਣਾ ਕੇ ਸ਼ੁਰੂ ਕੀਤੀ ਗਈ ਸੀ, ਜਿੱਥੇ ਗੈਰ-ਕਾਨੂੰਨੀ ਵਿਅਕਤੀਆਂ ਦੁਆਰਾ ਚਲਾਏ ਜਾ ਰਹੇ ਟਰੱਕਾਂ ਕਾਰਨ ਕਈ ਘਾਤਕ ਹਾਦਸੇ ਵਾਪਰੇ ਸਨ।
ਐਲ ਸੈਂਟਰੋ ਸੈਕਟਰ ਦੇ ਕਾਰਜਕਾਰੀ ਮੁੱਖ ਪੈਟਰੋਲ ਏਜੰਟ ਜੋਸਫ ਰੇਮੇਨਰ ਨੇ ਕਿਹਾ ਕਿ ਇਹ ਲੋਕ ਕਦੇ ਵੀ ਟਰੱਕ ਚਲਾਉਣ ਦੇ ਯੋਗ ਨਹੀਂ ਸਨ ਅਤੇ ਲਾਇਸੈਂਸ ਜਾਰੀ ਕਰਨ ਵਾਲੇ ਰਾਜ ਇਨ੍ਹਾਂ ਹਾਦਸਿਆਂ ਲਈ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹਨ। ਹਾਲ ਹੀ ਦੇ ਮਹੀਨਿਆਂ ਵਿਚ ਰਾਜਿੰਦਰ ਕੁਮਾਰ, ਹਰਜਿੰਦਰ ਸਿੰਘ, ਪ੍ਰਤਾਪ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਵਰਗੇ ਕਈ ਭਾਰਤੀ ਨਾਗਰਿਕਾਂ ਦੇ ਨਾਮ ਸਾਹਮਣੇ ਆਏ ਹਨ, ਜੋ ਅਮਰੀਕਾ ਵਿਚ ਗੈਰ-ਕਾਨੂੰਨੀ ਤੌਰ ‘ਤੇ ਰਹਿੰਦੇ ਹੋਏ ਟਰੱਕ ਚਲਾ ਰਹੇ ਸਨ ਅਤੇ ਭਿਆਨਕ ਸੜਕ ਹਾਦਸਿਆਂ ਦਾ ਕਾਰਨ ਬਣੇ, ਜਿਨ੍ਹਾਂ ਵਿਚ ਕਈ ਲੋਕਾਂ ਦੀ ਜਾਨ ਚਲੀ ਗਈ।
ਅਮਰੀਕਾ ‘ਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ 30 ਭਾਰਤੀ ਨਾਗਰਿਕ ਗ੍ਰਿਫਤਾਰ

