ਅਮਰੀਕਾ ‘ਚ ਗੈਰ ਕਾਨੂੰਨੀ ਢੰਗ ਨਾਲ ਰਹਿੰਦੇ 59 ਪੰਜਾਬੀਆਂ ਸਮੇਤ 106 ਭਾਰਤੀ ਡਿਪੋਰਟ

678
Share

ਵਾਸ਼ਿੰਗਟਨ, 25 ਜੂਨ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਵਿਚੋਂ ਬਾਹਰ ਕੱਢਣ ਦੀ ਜਿਹੜੀ ਮੁਹਿੰਮ ਚਲਾਈ ਹੋਈ ਹੈ, ਇਸੇ ਤਹਿਤ ਪੰਜਾਬ ਤੇ ਹਰਿਆਣਾ ਦੇ 106 ਜਣਿਆਂ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ, ਜਿਹੜੇ ਅਮਰੀਕਾ ਵਿਚ ਕਈ-ਕਈ ਸਾਲਾਂ ਤੋਂ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਸਨ। ਡਿਪੋਰਟ ਕੀਤੇ ਗਏ 106 ਭਾਰਤੀਆਂ ਵਿਚ 59 ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਹਨ। ਇਨ੍ਹਾਂ ਵਿਚ ਪਰਵਾਸੀਆਂ ਦਾ ਗੜ੍ਹ ਕਹੇ ਜਾਂਦੇ ਦੋਆਬੇ ਦੇ ਵੀ 34 ਜਣੇ ਸ਼ਾਮਲ ਹਨ, ਜਿਨ੍ਹਾਂ ਨੂੰ ਡਿਪੋਰਟ ਕੀਤਾ ਗਿਆ ਹੈ। ਇਨ੍ਹਾਂ ਮੁੰਡਿਆਂ ਦਾ ਜਹਾਜ਼ ਮੰਗਲਵਾਰ ਰਾਤੀਂ ਸ੍ਰੀ ਅੰਮ੍ਰਿਤਸਰ ਦੇ ਹਵਾਈ ਅੱਡੇ ‘ਤੇ ਉਤਰਿਆ ਸੀ। ਡਿਪੋਰਟ ਹੋ ਕੇ ਆਉਣ ਵਾਲਿਆਂ ਵਿਚ 8 ਜਲੰਧਰ, 15 ਹੁਸ਼ਿਆਰਪੁਰ ਅਤੇ 11 ਜਣੇ ਕਪੂਰਥਲਾ ਦੇ ਹਨ। ਕਈ ਸਾਲਾਂ ਤੋਂ ਇਹ ਮੁੰਡੇ ਉਥੇ ਰਹਿ ਰਹੇ ਸਨ ਪਰ ਪੱਕੇ ਨਹੀਂ ਸੀ ਹੋਏ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ ਦੇਸ਼ ਵਿਚ ਰਾਸ਼ਟਰਵਾਦ ਦੇ ਨਾਂ ਹੇਠ ਮੁਹਿੰਮ ਚਲਾਈ ਹੋਈ ਹੈ। ਅਮਰੀਕਾ ਵਿਚ ਵਸੇ ਦੁਨੀਆਂ ਦੇ ਵੱਖ-ਵੱਖ ਮੁਲਕਾਂ ਦੇ ਲੋਕਾਂ ਨੂੰ ਉਥੋਂ ਕੱਢਿਆ ਜਾ ਰਿਹਾ ਹੈ, ਜਿਹੜੇ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਹਨ।

Share