#AMERICA

ਅਮਰੀਕਾ ‘ਚ ਗ਼ੈਰਕਾਨੂੰਨੀ ਢੰਗ ਨਾਲ ਦਾਖ਼ਲ ਹੋਏ 57 ਸਾਲਾ ਭਾਰਤੀ ਦੀ ਮੌਤ

ਵਾਸ਼ਿੰਗਟਨ, 18 ਅਪ੍ਰੈਲ (ਪੰਜਾਬ ਮੇਲ)- ਗ਼ੈਰਕਾਨੂੰਨੀ ਢੰਗ ਨਾਲ ਅਮਰੀਕਾ ਆਏ ਭਾਰਤੀ ਨਾਗਰਿਕ ਦੀ ਅਟਲਾਂਟਾ ਦੇ ਹਸਪਤਾਲ ਵਿਚ ਮੌਤ ਹੋ ਗਈ। ਉਸ ਨੂੰ ਭਾਰਤ ਵਾਪਸ ਭੇਜਿਆ ਜਾਣਾ ਸੀ। ਯੂ.ਐੱਸ. ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ (ਆਈ.ਸੀ.ਈ.) ਵਿਭਾਗ ਨੇ ਕਿਹਾ ਕਿ ਨਿਊਯਾਰਕ ਵਿਚ ਭਾਰਤੀ ਕੌਂਸਲੇਟ ਨੂੰ 57 ਸਾਲਾ ਜਸਪਾਲ ਸਿੰਘ ਦੀ ਮੌਤ ਦੀ ਸੂਚਨਾ ਦਿੱਤੀ ਗਈ ਹੈ। ਨਾਲ ਹੀ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਆਈ.ਸੀ.ਈ. ਨੇ ਕਿਹਾ ਕਿ ਜਸਪਾਲ ਸਿੰਘ ਦੀ 15 ਅਪ੍ਰੈਲ ਨੂੰ ਅਟਲਾਂਟਾ ਦੇ ਹਸਪਤਾਲ ਵਿਚ ਮੌਤ ਹੋ ਗਈ ਸੀ। ਜਸਪਾਲ ਸਿੰਘ ਪਹਿਲੀ ਵਾਰ 25 ਅਕਤੂਬਰ 1992 ਨੂੰ ਕਾਨੂੰਨੀ ਤੌਰ ‘ਤੇ ਅਮਰੀਕਾ ਵਿਚ ਦਾਖਲ ਹੋਇਆ ਸੀ। 21 ਜਨਵਰੀ 1998 ਨੂੰ ਇਮੀਗ੍ਰੇਸ਼ਨ ਜੱਜ ਨੇ ਉਸ ਨੂੰ ਅਮਰੀਕਾ ਛੱਡਣ ਦਾ ਹੁਕਮ ਦਿੱਤਾ, ਜਿਸ ਤੋਂ ਬਾਅਦ ਉਹ ਭਾਰਤ ਪਰਤ ਗਿਆ। ਉਸ ਨੇ 29 ਜੂਨ 2023 ਨੂੰ ਦੁਬਾਰਾ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਪਰ ਅਧਿਕਾਰੀਆਂ ਨੇ ਉਸ ਨੂੰ ਅਮਰੀਕਾ-ਮੈਕਸੀਕੋ ਸਰਹੱਦ ਤੋਂ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕਰਨ ਤੋਂ ਬਾਅਦ ਉਸ ਨੂੰ ਅਟਲਾਂਟਾ ਦੇ ਐਨਫੋਰਸਮੈਂਟ ਐਂਡ ਰਿਮੂਵਲ ਅਪਰੇਸ਼ਨਜ਼ (ਈ.ਆਰ.ਓ.) ਦੇ ਹਵਾਲੇ ਕਰ ਦਿੱਤਾ ਗਿਆ ਸੀ, ਜਿੱਥੋਂ ਉਸ ਨੂੰ ਅਟਲਾਂਟਾ ਦੇ ਨਜ਼ਰਬੰਦੀ ਕੇਂਦਰ ਵਿਚ ਰੱਖਿਆ ਗਿਆ ਸੀ। ਅਮਰੀਕਾ ਵਿਚ ਜਦੋਂ ਕਿਸੇ ਵਿਅਕਤੀ ਦੀ ਨਜ਼ਰਬੰਦੀ ਕੇਂਦਰ ਵਿਚ ਮੌਤ ਹੋ ਜਾਂਦੀ ਹੈ, ਤਾਂ ਈ.ਆਰ.ਓ. ਨੂੰ ਦੋ ਕੰਮਕਾਜੀ ਦਿਨਾਂ ਦੇ ਅੰਦਰ-ਅੰਦਰ ਸੰਸਦ, ਗੈਰ ਸਰਕਾਰੀ ਸੰਗਠਨਾਂ, ਮੀਡੀਆ ਨੂੰ ਸੂਚਿਤ ਕਰਨਾ ਹੁੰਦਾ ਹੈ ਅਤੇ ਉਸ ਵਿਅਕਤੀ ਨਾਲ ਸਬੰਧਤ ਵੇਰਵੇ ਵੀ ਆਪਣੀ ਵੈੱਬਸਾਈਟ ‘ਤੇ ਸਾਂਝੇ ਕਰਨੇ ਹੁੰਦੇ ਹਨ।