#AMERICA

ਅਮਰੀਕਾ ‘ਚ ਕੈਨੇਡਾ ਤੋਂ ਆਏ ਟਰੱਕ ‘ਚੋਂ ਫੜੀ ਗਈ 52 ਕਿੱਲੋ ਕੋਕੀਨ; 1 ਗ੍ਰਿਫ਼ਤਾਰ

ਵਾਸ਼ਿੰਗਟਨ, 26 ਮਾਰਚ (ਪੰਜਾਬ ਮੇਲ)- ਕੈਨੇਡਾ ਦੇ ਇਕ ਟਰੱਕ ਡਰਾਈਵਰ ਨੂੰ ਅਮਰੀਕਾ ਦੇ ਡੈਟ੍ਰਾਇਡਟ ਸਥਿਤ ਅੰਬੈਸਡਰ ਬ੍ਰਿਜ ਨੇੜੇ 116 ਪਾਊਂਡ (ਕਰੀਬ 52.600 ਗ੍ਰਾਮ) ਕੋਕੀਨ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ। ਅਮਰੀਕੀ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਇਕ ਵਿਦੇਸ਼ੀ ਟਰੱਕ ਨੂੰ ਚੈਕਿੰਗ ਲਈ ਰੋਕਿਆ ਗਿਆ ਤੇ ਇਸ ਦੌਰਾਨ ਉਸ ਟਰੱਕ ‘ਚ ਲੁਕਾ ਕੇ ਰੱਖੇ ਗਏ ਬੈਗ ਬਰਾਮਦ ਹੋਏ, ਜਿਨ੍ਹਾਂ ‘ਚ ਨਸ਼ੀਲਾ ਪਦਾਰਥ ਭਰਿਆ ਹੋਇਆ ਸੀ।
ਇਸ ਮਗਰੋਂ ਅਧਿਕਾਰੀਆਂ ਨੂੰ ਜਾਂਚ ਮਗਰੋਂ ਪਤਾ ਲੱਗਿਆ ਕਿ ਉਕਤ ਨਸ਼ੀਲਾ ਪਦਾਰਥ ਕੋਕੀਨ ਹੈ, ਜਿਸ ਨੂੰ ਜ਼ਬਤ ਕਰ ਕੇ ਪੁਲਿਸ ਨੇ ਟਰੱਕ ਨੂੰ ਵੀ ਜ਼ਬਤ ਕਰ ਲਿਆ ਹੈ ਤੇ ਨਾਲ ਹੀ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਡਰਾਈਵਰ ‘ਤੇ ਹੁਣ ਅਗਲੇਰੀ ਕਾਰਵਾਈ ਕਰ ਕੇ ਮੁਕੱਦਮਾ ਚਲਾਇਆ ਜਾ ਰਿਹਾ ਹੈ।
ਫੀਲਡ ਆਪਰੇਸ਼ਨਾਂ ਦੇ ਡਾਇਰੈਕਟਰ ਮਾਰਟੀ ਰੇਬਨ ਨੇ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਕਾਰਵਾਈ ਇਸ ਗੱਲ ਦਾ ਸਬੂਤ ਹੈ ਕਿ ਦੇਸ਼ ਨੂੰ ਅਜਿਹੇ ਖ਼ਤਰਿਆਂ ਤੋਂ ਬਚਾਉਣ ਲਈ ਤੇ ਨਸ਼ਿਆਂ ਦੀ ਰੋਕਥਾਮ ਲਈ ਅਧਿਕਾਰੀ ਦਿਨ-ਰਾਤ ਕੰਮ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸ ਕਾਰਵਾਈ ਨੂੰ ਅੰਜਾਮ ਦੇਣ ਵਾਲੇ ਅਧਿਕਾਰੀਆਂ ਤੇ ਰੀਜਨਲ ਲਾਅ ਇਨਫਾਰਸਮੈਂਟ ਨੂੰ ਮੈਂ ਸ਼ਾਬਾਸ਼ੀ ਦਿੰਦਾ ਹਾਂ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਫਰਵਰੀ ‘ਚ ਵੀ ਇਸੇ ਜਗ੍ਹਾ ਇਕ ਕੈਨੇਡੀਅਨ ਟਰੱਕ ਡਰਾਈਵਰ 240 ਪਾਊਂਡ (ਕਰੀਬ 108 ਕਿੱਲੋ ਗ੍ਰਾਮ) ਕੋਕੀਨ ਸਣੇ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਦੌਰਾਨ ਵੀ ਟਰੱਕ ‘ਚ ਕੁਝ ਬੈਗ ਲੁਕਾ ਕੇ ਰੱਖੇ ਗਏ ਸਨ, ਜਿਨ੍ਹਾਂ ‘ਚੋਂ ਨਸ਼ੀਲਾ ਪਦਾਰਥ ਬਰਾਮਦ ਹੋਇਆ ਸੀ।