ਨਿਊਯਾਰਕ, 7 ਜਨਵਰੀ (ਪੰਜਾਬ ਮੇਲ)- ਅਮਰੀਕਾ ਦੇ ਨਿਊਜਰਸੀ ਦੇ ਇੱਕ ਜੰਗਲ ਵਿਚ ਇੱਕ ਭਾਰਤੀ ਵਿਅਕਤੀ ਦਾ ਕਤਲ ਕਰਨ ਦੇ ਦੋਸ਼ ਵਿਚ ਭਾਰਤੀ ਮੂਲ ਦੇ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਸਥਾਨਕ ਅਧਿਕਾਰੀਆਂ ਨੇ ਦਿੱਤੀ। ਓਸ਼ੀਅਨ ਕਾਉਂਟੀ ਦੇ ਸਰਕਾਰੀ ਵਕੀਲ ਬ੍ਰੈਡਲੇ ਬਿਲਹਿਮਰ ਅਤੇ ਨਿਊਜਰਸੀ ਪੁਲਿਸ ਦੇ ਕਰਨਲ ਪੈਟਰਿਕ ਕੈਲਹਾਨ ਮੁਤਾਬਕ ਇਨ੍ਹਾਂ ਦੋਸ਼ੀਆਂ ਵਿਚੋਂ ਆਖਰੀ ਦੋਸ਼ੀ ਸੰਦੀਪ ਕੁਮਾਰ ਨੂੰ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ।
ਕੁਲਦੀਪ ਕੁਮਾਰ ਦੀ ਲਾਸ਼ 14 ਦਸੰਬਰ ਨੂੰ ਨਿਊਜਰਸੀ ਦੇ ਗ੍ਰੀਨਵੁੱਡ ਵਾਈਲਡ ਲਾਈਫ ਮੈਨੇਜਮੈਂਟ ਏਰੀਆ ‘ਚ ਮਿਲੀ ਸੀ, ਜਿਸ ਦੇ ਸਰੀਰ ‘ਤੇ ਗੋਲੀਆਂ ਦੇ ਨਿਸ਼ਾਨ ਸਨ। ਹਾਲਾਂਕਿ ਉਨ੍ਹਾਂ ਦੇ ਪਰਿਵਾਰ ਨੇ 26 ਅਕਤੂਬਰ ਨੂੰ ਉਨ੍ਹਾ ਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ ਸੀ, ਪਰ ਉਨ੍ਹਾਂ ਦੀ ਲਾਸ਼ ਕਰੀਬ 2 ਮਹੀਨਿਆਂ ਬਾਅਦ ਮਿਲੀ। ਸਰਕਾਰੀ ਵਕੀਲ ਦੇ ਦਫਤਰ ਨੇ ਦੱਸਿਆ ਕਿ ਕਤਲ 22 ਅਕਤੂਬਰ ਦੇ ਆਸ-ਪਾਸ ਹੋਇਆ ਸੀ ਅਤੇ ਲਾਸ਼ ਪੂਰੀ ਤਰ੍ਹਾਂ ਸੜ੍ਹ ਚੁੱਕੀ ਸੀ। ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫ.ਬੀ.ਆਈ.) ਨੇ ਉਨ੍ਹਾਂ ਦੀ ਪਛਾਣ ਕਰਨ ਵਿਚ ਮਦਦ ਕੀਤੀ।
ਪ੍ਰੌਸੀਕਿਊਟਰ ਦੇ ਦਫਤਰ ਅਨੁਸਾਰ ਕਈ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵੱਲੋਂ ਕੀਤੀ ਗਈ ਜਾਂਚ ਵਿਚ 5 ਦੋਸ਼ੀਆਂ ਨੂੰ ਇਸ ਕਤਲ ਨਾਲ ਜੋੜਿਆ ਗਿਆ। ਇਨ੍ਹਾਂ ਵਿਚੋਂ 4 ਮੁਲਜ਼ਮ ਇੰਡੀਆਨਾ ਸੂਬੇ ਦੇ ਗ੍ਰੀਨਵੁੱਡ ਦੇ ਰਹਿਣ ਵਾਲੇ ਹਨ। ਸੌਰਵ ਕੁਮਾਰ (23), ਗੌਰਵ ਸਿੰਘ (27), ਨਿਰਮਲ ਸਿੰਘ (30), ਗੁਰਦੀਪ ਸਿੰਘ (22) ਅਤੇ ਇੱਕ ਮੁਲਜ਼ਮ ਸੰਦੀਪ ਕੁਮਾਰ (34) ਨਿਊਯਾਰਕ ਦੇ ਓਜ਼ੋਨ ਪਾਰਕ ਦਾ ਰਹਿਣ ਵਾਲਾ ਹੈ। ਅਮਰੀਕੀ ਕਾਨੂੰਨ ਅਨੁਸਾਰ ਜਦੋਂ ਕਿਸੇ ਮੁਲਜ਼ਮ ਨੂੰ ਦੂਜੇ ਸੂਬੇ ਵਿਚ ਗ੍ਰਿਫ਼ਤਾਰ ਕੀਤਾ ਜਾਂਦਾ ਹੈ, ਤਾਂ ਸਰਕਾਰੀ ਵਕੀਲਾਂ ਨੂੰ ਅਦਾਲਤ ਵਿਚ ਹਵਾਲਗੀ ਪ੍ਰਕਿਰਿਆ ਵਿਚੋਂ ਲੰਘਣਾ ਪੈਂਦਾ ਹੈ, ਜਿਸ ਵਿਚ ਗ੍ਰਿਫ਼ਤਾਰ ਵਿਅਕਤੀ ਹਵਾਲਗੀ ਦਾ ਵਿਰੋਧ ਕਰ ਸਕਦਾ ਹੈ।