#AMERICA

ਅਮਰੀਕਾ ‘ਚ ਐਮਰਜੈਂਸੀ ਦਰਵਾਜ਼ਾ ਖੋਲ੍ਹ ਕੇ ਮੁਸਾਫਿਰ ਜਹਾਜ਼ ਦੇ ਪਰਾਂ ‘ਤੇ ਚੜ੍ਹਿਆ

* ਉਡਾਣ ਭਰਨ ਤੋਂ ਪਹਿਲਾਂ ਵਾਪਰੀ ਘਟਨਾ
ਸੈਕਰਾਮੈਂਟੋ, 29 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਲੂਸੀਆਨਾ ਰਾਜ ਵਿਚ ਨਿਊ ਓਰਲੀਨਜ਼ ਲੋਇਸ ਆਰਮਸਟਰਾਂਗ ਇੰਟਰਨੈਸ਼ਨਲ ਏਅਰਪੋਰਟ ‘ਤੇ ਉਸ ਵੇਲੇ ਹਾਲਾਤ ਤਨਾਅ ਵਾਲੇ ਬਣ ਗਏ, ਜਦੋਂ ਸਾਊਥ ਵੈਸਟ ਏਅਰਲਾਈਨਜ਼ ਦੀ ਉਡਾਨ ਵਿਚ ਸਵਾਰ ਇਕ ਮੁਸਾਫਿਰ ਐਮਰਜੈਂਸੀ ਦਰਵਾਜ਼ਾ ਖੋਲ੍ਹ ਕੇ ਜਹਾਜ਼ ਦੇ ਪਰ੍ਹਾਂ ਉਪਰ ਚੜ੍ਹ ਗਿਆ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਜਹਾਜ਼ ਉਡਾਨ ਭਰਨ ਦੀ ਤਿਆਰੀ ਵਿਚ ਸੀ। ਇਹ ਜਾਣਕਾਰੀ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਜਾਰੀ ਇਕ ਬਿਆਨ ਵਿਚ ਦਿੱਤੀ ਹੈ। ਜੈਫਰਸਨ ਪੈਰਿਸ਼ ਸ਼ੈਰਿਫ ਦਫਤਰ ਨੇ ਕਿਹਾ ਹੈ ਕਿ ਇਕ 38 ਸਾਲਾ ਮੁਸਾਫਿਰ ਨੂੰ ਹਵਾਈ ਅੱਡੇ ਦੇ ਮੁਲਾਜ਼ਮਾਂ ਨੇ ਪੁਲਿਸ ਅਫਸਰਾਂ ਦੇ ਮੌਕੇ ਉਪਰ ਪੁੱਜਣ ਤੋਂ ਪਹਿਲਾਂ ਹੀ ਕਾਬੂ ਕਰ ਲਿਆ ਸੀ। ਪੁਲਿਸ ਅਨੁਸਾਰ ਘਟਨਾ ਸਮੇਂ ਜਹਾਜ਼ ਖੜ੍ਹਾ ਸੀ। ਸ਼ੈਰਿਫ ਦਫਤਰ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਮੁਸਾਫਿਰ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ, ਤਾਂ ਜੋ ਉਸ ਦੀ ਸਿਹਤ ਦੀ ਜਾਂਚ ਕੀਤੀ ਜਾ ਸਕੇ। ਪੁਲਿਸ ਦਾ ਵਿਸ਼ਵਾਸ ਹੈ ਕਿ ਮੁਸਾਫਿਰ ਨੂੰ ਮਾਨਸਿਕ ਸਿਹਤ ਦੀ ਸਮੱਸਿਆ ਹੋ ਸਕਦੀ ਹੈ। ਬਿਆਨ ਅਨੁਸਾਰ ਮੁਸਾਫਿਰ ਦੇ ਕਬਜ਼ੇ ਵਿਚੋਂ ਕਿਸੇ ਕਿਸਮ ਦਾ ਕੋਈ ਹਥਿਆਰ ਬਰਾਮਦ ਨਹੀਂ ਹੋਇਆ ਹੈ ਤੇ ਸਥਾਨਕ ਪੱਧਰ ‘ਤੇ ਉਸ ਵਿਰੁੱਧ ਅਪਰਾਧਕ ਮਾਮਲਾ ਦਰਜ ਕਰਨ ਦੀ ਸੰਭਾਵਨਾ ਨਹੀਂ ਹੈ। ਹਾਲਾਂਕਿ ਘਟਨਾ ਦੀ ਜਾਂਚ ਸੰਘੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤੀ ਗਈ ਹੈ। ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਇਸ ਘਟਨਾ ਵਿਚ ਕੋਈ ਵੀ ਵਿਅਕਤੀ ਜ਼ਖਮੀ ਨਹੀਂ ਹੋਇਆ ਹੈ। ਸਾਊਥ ਵੈਸਟ ਏਅਰਲਾਈਨਜ਼ ਦੇ ਬੁਲਾਰੇ ਕ੍ਰਿਸ ਪੈਰੀ ਨੇ ਕਿਹਾ ਹੈ ਕਿ ਕੁਝ ਸਮੇਂ ਦੀ ਦੇਰੀ ਉਪਰੰਤ ਹਵਾਈ ਅੱਡੇ ਤੋਂ ਉਡਾਣਾਂ ਆਮ ਵਾਂਗ ਆ ਤੇ ਜਾ ਰਹੀਆਂ ਹਨ। ਤਕਰੀਬਨ 2 ਘੰਟੇ ਉਡਾਣਾਂ ਵਿਚ ਦੇਰੀ ਹੋਈ।