#AMERICA

ਅਮਰੀਕਾ ‘ਚ ਉਤਰਨ ਸਮੇਂ ਜਹਾਜ਼ ਨਾਲ ਵਾਪਰਿਆ ਹਾਦਸਾ; 6 ਜ਼ਖਮੀ

ਸੈਕਰਾਮੈਂਟੋ, 30 ਜਨਵਰੀ (ਹੁਸਨ ਲੜਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਹਵਾਈ ਰਾਜ ਵਿਚ ਕਾਹੂਲੂਈ ਹਵਾਈ ਅੱਡੇ ਉਪਰ ਅਮੈਰੀਕਨ ਏਅਰਲਾਈਨਜ਼ ਦੇ ਇਕ ਜਹਾਜ਼ ਨੂੰ ਉਤਰਦੇ ਸਮੇਂ ਹਾਦਸਾ ਪੇਸ਼ ਆਉਣ ਦੀ ਰਿਪੋਰਟ ਹੈ। ਇਸ ਘਟਨਾ ਵਿਚ ਇਕ ਯਾਤਰੀ ਤੇ 5 ਅਮਲੇ ਦੇ ਮੈਂਬਰ ਜਖਮੀ ਹੋ ਗਏ। ਜਹਾਜ਼ ਵਿਚ 165 ਯਾਤਰੀ ਸਵਾਰ ਸਨ, ਜਿਨ੍ਹਾਂ ਨੂੰ ਠੀਕ-ਠਾਕ ਜਹਾਜ਼ ਵਿਚੋਂ ਕੱਢ ਲਿਆ ਗਿਆ। ਏਅਰਲਾਈਨਜ਼ ਅਨੁਸਾਰ ਅਮੈਰੀਕਨ ਏਅਰਲਾਈਨਜ ਫਲਾਈਟ 271 ਲਾਸ ਏਂਜਲਸ ਤੋ ਹਵਾਈ ਆਈ ਸੀ। ਉਤਰਨ ਸਮੇਂ ਜਹਾਜ਼ ਵਿਚ ਕੋਈ ਖਰਾਬੀ ਪੈਦਾ ਹੋ ਗਈ। ਜ਼ਖਮੀਆਂ ਨੂੰ ਹਸਪਤਾਲ ਵਿਚ ਡਾਕਟਰੀ ਸਹਾਇਤਾ ਦੇਣ ਉਪਰੰਤ ਛੁੱਟੀ ਦੇ ਦਿੱਤੀ ਗਈ ਹੈ। ਏਅਰਲਾਈਨਜ਼ ਨੇ ਕਿਹਾ ਹੈ ਕਿ ਜਹਾਜ਼ ਦੀ ਜਾਂਚ ਕੀਤੀ ਜਾਵੇਗੀ ਤੇ ਇਸ ਉਪਰੰਤ ਹੀ ਜਹਾਜ਼ ਨੂੰ ਉਡਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਸੰਘੀ ਹਵਾਬਾਜ਼ੀ ਪ੍ਰਸ਼ਾਸਨ ਨੇ ਕਿਹਾ ਹੈ ਕਿ ਉਹ ਘਟਨਾ ਦੀ ਜਾਂਚ ਕਰਨਗੇ।