#AMERICA

ਅਮਰੀਕਾ ‘ਚ ਇਮੀਗ੍ਰੇਸ਼ਨ ਬੈਕਲਾਗ ਨੂੰ ਘੱਟ ਕਰਨ ਲਈ ਬਿੱਲ ਪੇਸ਼

-ਦੁਨੀਆਂ ਭਰ ਦੇ ਲੱਖਾਂ ਬਿਨੈਕਾਰਾਂ ਨੂੰ ਹੋ ਸਕਦੈ ਫਾਇਦਾ
ਵਾਸ਼ਿੰਗਟਨ, 18 ਦਸੰਬਰ (ਪੰਜਾਬ ਮੇਲ)- 2 ਡੈਮੋਕ੍ਰੇਟਿਕ ਸੈਨੇਟਰਾਂ ਨੇ ਅਮਰੀਕਾ ਵਿਚ ਇਮੀਗ੍ਰੇਸ਼ਨ ਬੈਕਲਾਗ ਨੂੰ ਘੱਟ ਕਰਨ ਅਤੇ ਪ੍ਰਤੀ ਦੇਸ਼ ਵੀਜ਼ਾ ਕੈਂਪਸ ਵਧਾਉਣ ਲਈ ਇੱਕ ਬਿੱਲ ਪੇਸ਼ ਕੀਤਾ, ਜਿਸ ਨਾਲ ਭਾਰਤੀ ਨਾਗਰਿਕਾਂ ਨੂੰ ਫਾਇਦਾ ਹੋ ਸਕਦਾ ਹੈ। ਇਨ੍ਹਾਂ ਵਿਚ ਸਭ ਤੋਂ ਜ਼ਿਆਦਾ ਅਰਜ਼ੀਆਂ ਚੀਨ ਅਤੇ ਭਾਰਤ ਤੋਂ ਦਰਜ ਕੀਤੀਆਂ ਗਈਆਂ ਹਨ। ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ, ਤਾਂ ਰੀਯੂਨਾਈਟਿੰਗ ਫੈਮਿਲੀਜ਼ ਐਕਟ ਪਰਿਵਾਰ-ਆਧਾਰਿਤ ਇਮੀਗ੍ਰੇਸ਼ਨ ਲਈ ਪ੍ਰਤੀ-ਦੇਸ਼ ਸੀਮਾ 7% ਤੋਂ ਵਧਾ ਕੇ 15% ਹੋ ਸਕਦੀ ਹੈ।
ਇਹ ਬਿੱਲ ਸੈਨੇਟਰ ਮੈਜ਼ੀ ਹਿਰੋਨੋ ਅਤੇ ਸੈਨੇਟਰ ਟੈਮੀ ਡਕਵਰਥ ਨੇ ਪੇਸ਼ ਕੀਤਾ। ਇਸ ਨਾਲ ਯੂ.ਐੱਸ. ਇਮੀਗ੍ਰੇਸ਼ਨ ਪ੍ਰਣਾਲੀ ਵਿਚ ਲੰਬੇ ਸਮੇਂ ਤੋਂ ਚੱਲ ਰਿਹਾ ਬੈਕਲਾਗ ਘੱਟ ਸਕਦਾ ਹੈ, ਜਿਸ ਨਾਲ ਦੁਨੀਆਂ ਭਰ ਦੇ ਲੱਖਾਂ ਬਿਨੈਕਾਰਾਂ ਦਾ ਫਾਇਦਾ ਹੋ ਸਕਦਾ ਹੈ। ਬਿੱਲ ਵਿਚ ਪਰਿਵਾਰਕ ਏਕਤਾ ਨੂੰ ਪਹਿਲ ਦਿੱਤੀ ਗਈ ਹੈ। ਇਸ ਤੋਂ ਇਲਾਵਾ ਬੱਚਿਆਂ ਨੂੰ ਉਮਰ ਹੱਦ ਪਾਰ ਹੋਣ ਤੋਂ ਪਹਿਲਾਂ ਹੀ ਅਮਰੀਕਾ ਲਿਆਇਆ ਜਾ ਸਕੇਗਾ।
ਇਸ ਬਿੱਲ ਅਨੁਸਾਰ ਜੀਵਨ ਸਾਥੀ, 21 ਸਾਲ ਤੋਂ ਘੱਟ ਉਮਰ ਦੇ ਬੱਚੇ ਅਤੇ ਅਮਰੀਕਾ ਦੇ ਗਰੀਨ ਕਾਰਡ ਹੋਲਡਰ ਦੇ ਮਾਪਿਆਂ ਲਈ ਵੀ ਫਾਇਦਾ ਹੋ ਸਕਦਾ ਹੈ।
ਇਸ ਬਿੱਲ ਦੇ ਬਣਨ ਨਾਲ ਇਮੀਗ੍ਰੇਸ਼ਨ ਦੇ ਕੰਮਾਂ ਵਿਚ ਇਕੱਠਾ ਹੋਇਆ ਬੈਕਲਾਗ ਖਤਮ ਹੋਣ ਦੀ ਸੰਭਾਵਨਾ ਵਧ ਜਾਵੇਗੀ ਅਤੇ ਲੰਮੇ ਸਮੇਂ ਤੋਂ ਪਰਿਵਾਰਕ ਵੀਜ਼ਿਆਂ ਦੀ ਉਡੀਕ ਕਰ ਰਹੇ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਣ ਵਾਲਾ ਹੈ।
ਅਮਰੀਕੀ ਵਿਦੇਸ਼ ਵਿਭਾਗ ਅਨੁਸਾਰ 10 ਲੱਖ ਤੋਂ ਵਧ ਭਾਰਤੀ ਗਰੀਨ ਕਾਰਡਾਂ ਦੀ ਉਡੀਕ ਕਰ ਰਹੇ ਹਨ। ਇਹ ਬਿਨੈਕਾਰ ਪਰਿਵਾਰਕ ਅਰਜ਼ੀਆਂ ਨਾਲ ਸੰਬੰਧਤ ਹਨ।
ਇਕ ਰਿਪੋਰਟ ਅਨੁਸਾਰ ਇਸ ਵੇਲੇ ਵਿਸ਼ਵ ਭਰ ਦੇ ਪਰਿਵਾਰਕ ਵੀਜ਼ਿਆਂ ਲਈ ਵੱਡੀ ਗਿਣਤੀ ਅਰਜ਼ੀਆਂ ਬਕਾਇਆ ਪਈਆਂ ਹਨ। ਸਭ ਤੋਂ ਜ਼ਿਆਦਾ ਅਰਜ਼ੀਆਂ ਐੱਫ4 ਵੀਜ਼ਾ ਲਈ ਯਾਨੀ ਕਿ ਅਮਰੀਕੀ ਨਾਗਰਿਕਾਂ ਦੇ ਭੈਣ-ਭਰਾ ਲਈ ਬਕਾਇਆ ਪਈਆਂ ਹਨ। ਇਸ ਵਿਚ ਵਿਸ਼ਵ ਭਰ ਤੋਂ 22 ਲੱਖ ਦੇ ਕਰੀਬ ਬਿਨੈਕਾਰ ਉਡੀਕ ਕਰ ਰਹੇ ਹਨ। ਅਮਰੀਕੀ ਨਾਗਰਿਕਾਂ ਦੇ ਵਿਆਹੇ ਬੱਚਿਆਂ ਦੀ ਗਿਣਤੀ 6 ਲੱਖ ਦੇ ਕਰੀਬ ਹੈ। ਗਰੀਨ ਕਾਰਡ ਹੋਲਡਰ ਦੇ ਅਣਵਿਆਹੇ ਬਾਲਗ ਬੱਚਿਆਂ ਦੇ ਬਿਨੈਕਾਰਾਂ ਦੀ ਗਿਣਤੀ 4 ਲੱਖ ਦੇ ਕਰੀਬ ਹੈ। ਗਰੀਨ ਕਾਰਡ ਹੋਲਡਰ ਦੇ ਜੀਵਨ ਸਾਥੀ ਅਤੇ ਬੱਚਿਆਂ ਲਈ ਸਾਢੇ 3 ਲੱਖ ਦੇ ਕਰੀਬ ਅਰਜ਼ੀਆਂ ਪੈਂਡਿੰਗ ਪਈਆਂ ਹਨ। ਜਦਕਿ ਅਮਰੀਕੀ ਨਾਗਰਿਕਾਂ ਦੇ ਅਣਵਿਆਹੇ ਬੱਚਿਆਂ ਲਈ 2 ਲੱਖ 60 ਹਜ਼ਾਰ ਤੋਂ ਵੱਧ ਬਿਨੈਕਾਰਾਂ ਨੇ ਆਪਣੀਆਂ ਅਰਜ਼ੀਆਂ ਪਾਈਆਂ ਹੋਈਆਂ ਹਨ।
ਜੇ ਇਹ ਬਿੱਲ ਪਾਸ ਹੋ ਜਾਂਦਾ ਹੈ, ਤਾਂ ਉਡੀਕ ਸਮੇਂ ਵਿਚ ਕਾਫੀ ਰਾਹਤ ਮਿਲਣ ਵਾਲੀ ਹੈ। ਦੋਵੇਂ ਸੈਨੇਟ ਮੈਂਬਰਾਂ ਨੇ ਉਮੀਦ ਜ਼ਾਹਿਰ ਕੀਤੀ ਹੈ ਕਿ ਮਨੁੱਖੀ ਅਧਿਕਾਰ ਦੇ ਮੱਦੇਨਜ਼ਰ ਇਸ ਬਿੱਲ ਨੂੰ ਭਾਰੀ ਬਹੁਮਤ ਨਾਲ ਪਾਸ ਕੀਤਾ ਜਾਵੇ।