#AMERICA

ਅਮਰੀਕਾ ‘ਚ ਇਮੀਗ੍ਰੇਸ਼ਨ ਨੀਤੀਆਂ ਬਾਰੇ ਬੇਯਕੀਨੀ ਕਾਰਨ ਕੌਮਾਂਤਰੀ ਵਿਦਿਆਰਥੀਆਂ ਵਿਚ ਬੇਚੈਨੀ

– ਅਨੇਕਾਂ ਯੂਨੀਵਰਸਿਟੀਆਂ ਵੱਲੋਂ ਕੌਮਾਂਤਰੀ ਵਿਦਿਆਰਥੀਆਂ ਤੇ ਸਟਾਫ ਨੂੰ ਹਦਾਇਤਾਂ ਜਾਰੀ
ਸੈਕਰਾਮੈਂਟੋ, 29 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੀਆਂ ਅਨੇਕਾਂ ਯੂਨੀਵਰਸਿਟੀਆਂ ਵੱਲੋਂ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਅਗਲੇ ਸਾਲ ਸੱਤਾ ਸੰਭਾਲਣ ਤੋਂ ਪਹਿਲਾਂ ਕੌਮਾਂਤਰੀ ਵਿਦਿਆਰਥੀਆਂ ਤੇ ਸਟਾਫ ਨੂੰ ਜਾਰੀ ਕੀਤੀਆਂ ਜਾ ਰਹੀਆਂ ਹਦਾਇਤਾਂ ਤੋਂ ਇਮੀਗ੍ਰੇਸ਼ਨ ਨੀਤੀਆਂ ਸਬੰਧੀ ਪਾਈ ਜਾ ਰਹੀ ਬੇਯਕੀਨੀ ਦਾ ਪਤਾ ਲੱਗਦਾ ਹੈ। ਬੀ.ਬੀ.ਸੀ. ਦੀ ਇਕ ਰਿਪੋਰਟ ਅਨੁਸਾਰ ਬਹੁਤ ਸਾਰੇ ਕੌਮਾਂਤਰੀ ਵਿਦਿਆਰਥੀ ਤੇ ਸਕਾਲਰ ਅਮਰੀਕਾ ‘ਚ ਆਪਣੇ ਭਵਿੱਖ ਨੂੰ ਲੈ ਕੇ ਫਿਕਰਮੰਦ ਹਨ ਕਿਉਂਕਿ ਰਾਸ਼ਟਰਪਤੀ ਦੀ ਚੋਣ ਜਿੱਤੇ ਟਰੰਪ ਨੇ ਆਪਣੀ ਚੋਣ ਮੁਹਿੰਮ ਦੌਰਾਨ ਇਮੀਗ੍ਰੇਸ਼ਨ ਸਬੰਧੀ ਸਖਤਾਈ ਵਰਤਣ ਦਾ ਵਾਅਦਾ ਕੀਤਾ ਸੀ। ਚੋਣ ਜਿੱਤਣ ਉਪਰੰਤ ਟਰੰਪ ਨੇ ਅਮਰੀਕਾ ਦੇ ਇਤਿਹਾਸ ਵਿਚ ਦੇਸ਼ ਨਿਕਾਲੇ ਦੀ ਸਭ ਤੋਂ ਵੱਡੀ ਕਾਰਵਾਈ ਕਰਨ ਦਾ ਸੰਕਲਪ ਲਿਆ ਹੈ ਤੇ ਇਥੋਂ ਤੱਕ ਕਿਹਾ ਹੈ ਕਿ ਇਸ ਕਾਰਵਾਈ ਨੂੰ ਸਿਰੇ ਚਾੜ੍ਹਨ ਲਈ ਫੌਜ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਟਰੰਪ ਦੇ ਪਿਛੋਕੜ ਨੂੰ ਵੇਖਦਿਆਂ ਹੋਇਆਂ ਵੀ ਕੌਮਾਂਤਰੀ ਵਿਦਿਆਰਥੀ ਤੇ ਸਟਾਫ ਘਬਰਾਇਆ ਹੋਇਆ ਹੈ ਕਿਉਂਕ ਟਰੰਪ ਵੱਲੋਂ ਆਪਣੇ ਪਹਿਲੇ ਕਾਰਜਕਾਲ ਦੌਰਾਨ ”ਡੈਫਰਡ ਐਕਸ਼ਨ ਫਾਰ ਚਾਈਲਡਹੁੱਡ ਅਰਾਈਵਲਜ (ਡੀ.ਏ.ਸੀ.ਏ.) ਪ੍ਰੋਗਰਾਮ” ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਪ੍ਰੋਗਰਾਮ ਤਹਿਤ ਅਮਰੀਕਾ ਵਿਚ ਬਚਪਨ ਵਿਚ ਆਏ 5 ਲੱਖ ਤੋਂ ਵਧ ਪ੍ਰਵਾਸੀਆਂ ਨੂੰ ਸੁਰੱਖਿਆ ਮਿਲੀ ਹੋਈ ਹੈ। ਯੂਨੀਵਰਸਿਟੀ ਆਫ ਮਾਸਾਚੂਸੈਟਸ ਨੇ ਜਾਰੀ ਯਾਤਰਾ ਹਦਾਇਤਾਂ ਵਿਚ ਕੌਮਾਂਤਰੀ ਵਿਦਿਆਰਥੀਆਂ ਤੇ ਸਟਾਫ ਨੂੰ ਕਿਹਾ ਹੈ ਕਿ ਉਹ ਅਗਲੇ ਸਾਲ 20 ਜਨਵਰੀ ਨੂੰ ਟਰੰਪ ਦੇ ਸੱਤਾ ਸੰਭਾਲਣ ਤੋਂ ਪਹਿਲਾਂ ਵਾਪਸ ਆ ਜਾਣ। ਵੈਸਲੇਯਾਨ ਯੂਨੀਵਰਸਿਟੀ ਤੇ ਮਾਸਾਚੂਸੈਟਸ ਇੰਸਟੀਚਿਊਟ ਆਫ ਟੈਕਨਾਲੋਜੀ ਨੇ ਕੌਮਾਂਤਰੀ ਭਾਈਚਾਰੇ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੀ ਯਾਤਰਾ ਯੋਜਨਾ ਨੂੰ ਛੇਤੀ ਅੰਤਿਮ ਰੂਪ ਦੇ ਲਵੇ, ਤਾਂ ਜੋ ਸੰਭਾਵੀ ਪ੍ਰੇਸ਼ਾਨੀ ਤੋਂ ਬਚਿਆ ਜਾ ਸਕੇ। ਇਸ ਮਹੀਨੇ ਦੇ ਸ਼ੁਰੂ ਵਿਚ ਯੇਲ ਯੂਨੀਵਰਸਿਟੀ ਵਿਖੇ ਕੌਮਾਂਤਰੀ ਵਿਦਿਆਰਥੀਆਂ ਤੇ ਸਕਾਲਰਾਂ ਦੇ ਦਫਤਰ ਵੱਲੋਂ ਇਕ ਵੈਬੀਨਾਰ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿਚ ਨਵੇਂ ਪ੍ਰਸ਼ਾਸਨ ਤਹਿਤ ਵੀਜ਼ੇ ਦੀ ਭਰੋਸੇਯੋਗਤਾ ਤੇ ਸੰਭਾਵੀ ਨੀਤੀ ਤਬਦੀਲੀ ਬਾਰੇ ਫਿਕਰਮੰਦੀ ਪ੍ਰਗਟ ਕੀਤੀ ਗਈ ਸੀ ਤੇ ਇਸ ਦੇ ਹੱਲ ਲਈ ਵਿਚਾਰਾਂ ਕੀਤੀਆਂ ਗਈਆਂ ਸਨ। ਪ੍ਰੋਫੈਸਰ ਕੋਲ ਯੂਨੀਵਰਸਿਟੀ ਆਫ ਕੋਲੋਰਾਡੋ ਡੈਨਵਰ ਨੇ ਬੀ.ਬੀ.ਸੀ. ਨੂੰ ਦੱਸਿਆ ਕਿ ਬਹੁਤ ਸਾਰੇ ਵਿਦਿਆਰਥੀ ਇਮੀਗ੍ਰੇਸ਼ਨ ਨੀਤੀ ਸਬੰਧੀ ਅਸਥਿਰਤਾ ਕਾਰਨ ਪ੍ਰੇਸ਼ਾਨੀ ਦੇ ਆਲਮ ਵਿਚ ਹਨ। ਉਹ ਆਪਣੇ ਵੀਜ਼ੇ ਤੇ ਸਿੱਖਿਆ ਜਾਰੀ ਰੱਖਣ ਨੂੰ ਲੈ ਕੇ ਫਿਕਰਮੰਦ ਹਨ। ਇਕ ਅਨੁਮਾਨ ਅਨੁਸਾਰ ਅਮਰੀਕਾ ਭਰ ਦੀਆਂ ਉੱਚ ਸਿੱਖਿਆ ਸੰਸਥਾਵਾਂ ‘ਚ 4,08,000 ਬਿਨਾਂ ਦਸਤਾਵੇਜ਼ ਵਿਦਿਆਰਥੀ ਦਾਖਲ ਹਨ, ਜੋ ਕੁੱਲ ਪੋਸਟ ਸੈਕੰਡਰੀ ਵਿਦਿਆਰਥੀਆਂ ਦਾ ਤਕਰੀਬਨ 1.9% ਹਿੱਸਾ ਬਣਦਾ ਹੈ।