#INDIA

ਅਮਰੀਕਾ ‘ਚ ਇਕ ਹੋਰ ਭਾਰਤੀ Student ਲਾਪਤਾ

-ਕੇਂਦਰ ਨੂੰ ਪੁੱਤਰ ਦੀ ਸੁਰੱਖਿਅਤ ਘਰ ਵਾਪਸੀ ਯਕੀਨੀ ਬਣਾਉਣ ਦੀ ਕੀਤੀ ਅਪੀਲ
-ਪਰਿਵਾਰ ਨੂੰ ਫਿਰੌਤੀ ਸਬੰਧੀ ਫੋਨ ਆਏ
ਹੈਦਰਾਬਾਦ, 21 ਮਾਰਚ (ਪੰਜਾਬ ਮੇਲ)- ਹੈਦਰਾਬਾਦ ਦਾ ਰਹਿਣ ਵਾਲਾ ਇਕ 25 ਸਾਲ ਦਾ ਵਿਦਿਆਰਥੀ ਜੋ ਕਿ ਅਮਰੀਕਾ ਪੜ੍ਹਨ ਗਿਆ ਸੀ, 7 ਮਾਰਚ ਤੋਂ ਲਾਪਤਾ ਚੱਲ ਰਿਹਾ ਹੈ। ਉਸ ਦੇ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੂੰ ਫਿਰੌਤੀ ਸਬੰਧੀ ਫੋਨ ਵੀ ਆ ਰਹੇ ਹਨ। ਅਬਦੁਲ ਦੇ ਪਿਤਾ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਸ ਦੇ ਪੁੱਤਰ ਨੂੰ ਲੱਭਣ ਲਈ ਲੋੜੀਂਦੇ ਕਦਮ ਉਠਾਏ ਜਾਣ ਅਤੇ ਉਸ ਦੇ ਪੁੱਤਰ ਦੀ ਸੁਰੱਖਿਅਤ ਘਰ ਵਾਪਸੀ ਯਕੀਨੀ ਬਣਾਈ ਜਾਵੇ। ਸਲੀਮ ਨੇ ਇਸ ਸਬੰਧ ਵਿਚ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ ਇਕ ਪੱਤਰ ਵੀ ਲਿਖਿਆ ਹੈ। ਵਿਦਿਆਰਥੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇੱਥੋਂ ਦੇ ਨਚਾਰਮ ਦਾ ਵਸਨੀਕ ਮੁਹੰਮਦ ਅਬਦੁਲ ਮਈ 2023 ਵਿਚ ਕਲੀਵਲੈਂਡ ਯੂਨੀਵਰਸਿਟੀ ਤੋਂ ਸੂਚਨਾ ਤਕਨਾਲੋਜੀ ‘ਚ ਮਾਸਟਰਜ਼ ਦੀ ਡਿਗਰੀ ਕਰਨ ਲਈ ਅਮਰੀਕਾ ਗਿਆ ਸੀ ਅਤੇ ਕਲੀਵਲੈਂਡ ਵਿਚ ਹੀ ਰਹਿ ਰਿਹਾ ਸੀ। ਅਬਦੁਲ ਦੇ ਪਿਤਾ ਮੁਹੰਮਦ ਸਲੀਮ ਨੇ ਕਿਹਾ ਕਿ ਉਸ ਦੀ ਆਪਣੇ ਪੁੱਤਰ ਨਾਲ ਆਖਰੀ ਵਾਰ ਗੱਲ 7 ਮਾਰਚ ਨੂੰ ਹੋਈ ਸੀ ਅਤੇ ਉਸ ਦੇ ਬਾਅਦ ਤੋਂ ਉਸ ਦਾ ਪਰਿਵਾਰ ਨਾਲ ਕੋਈ ਰਾਬਤਾ ਨਹੀਂ ਹੋਇਆ ਹੈ ਅਤੇ ਅਬਦੁਲ ਦਾ ਮੋਬਾਈਲ ਫੋਨ ਵੀ ਬੰਦ ਪਿਆ ਹੈ। ਅਮਰੀਕਾ ਵਿਚ ਅਬਦੁਲ ਦੇ ਕਮਰੇ ਵਿਚ ਰਹਿੰਦੇ ਇਕ ਹੋਰ ਲੜਕੇ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਹੈ ਕਿ ਉਨ੍ਹਾਂ ਨੇ ਅਬਦੁਲ ਦੀ ਗੁੰਮਸ਼ੁਦਗੀ ਸਬੰਧੀ ਕਲੀਵਲੈਂਡ ਪੁਲਿਸ ਕੋਲ ਗੁੰਮਸ਼ੁਦਗੀ ਰਿਪੋਰਟ ਦਰਜ ਕਰਵਾ ਦਿੱਤੀ ਹੈ। ਹਾਲਾਂਕਿ, 19 ਮਾਰਚ ਨੂੰ ਅਬਦੁਲ ਦੇ ਪਰਿਵਾਰ ਨੂੰ ਇਕ ਅਣਪਛਾਤੇ ਵਿਅਕਤੀ ਨੇ ਫੋਨ ਕਰਕੇ ਦਾਅਵਾ ਕੀਤਾ ਸੀ ਕਿ ਅਬਦੁਲ ਨੂੰ ਕਥਿਤ ਤੌਰ ‘ਤੇ ਨਸ਼ਾ ਵੇਚਣ ਵਾਲੇ ਇਕ ਗਰੋਹ ਵੱਲੋਂ ਕਥਿਤ ਤੌਰ ‘ਤੇ ਅਗਵਾ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਨੇ ਅਬਦੁਲ ਨੂੰ ਛੱਡਣ ਲਈ 1,200 ਅਮਰੀਕੀ ਡਾਲਰਾਂ ਦੀ ਮੰਗ ਕੀਤੀ ਹੈ। ਫੋਨ ਕਰਨ ਵਾਲਿਆਂ ਨੇ ਫਿਰੌਤੀ ਦੀ ਰਕਮ ਨਾ ਦੇਣ ‘ਤੇ ਅਬਦੁਲ ਦੇ ਗੁਰਦੇ ਵੇਚਣ ਦੀ ਧਮਕੀ ਵੀ ਦਿੱਤੀ ਹੈ।
ਆਪਣੇ ਪੁੱਤਰ ਦੀ ਗੁੰਮਸ਼ੁਦਗੀ ਤੋਂ ਫਿਕਰਮੰਦ ਸਲੀਮ ਨੇ ਪੀ.ਟੀ.ਆਈ. ਨਾਲ ਗੱਲਬਾਤ ਦੌਰਾਨ ਕਿਹਾ, ”ਕੱਲ੍ਹ, ਮੈਨੂੰ ਇਕ ਅਣਪਛਾਤੇ ਨੰਬਰ ਤੋਂ ਫੋਨ ਆਇਆ ਸੀ ਅਤੇ ਫੋਨ ਕਰਨ ਵਾਲੇ ਨੇ ਮੈਨੂੰ ਦੱਸਿਆ ਕਿ ਮੇਰਾ ਪੁੱਤਰ ਅਗਵਾ ਹੋ ਚੁੱਕਾ ਹੈ ਅਤੇ ਅਗਵਾ ਕਰਨ ਵਾਲੇ ਪੈਸੇ ਦੀ ਮੰਗ ਕਰ ਰਹੇ ਹਨ। ਫੋਨ ਕਰਨ ਵਾਲਿਆਂ ਨੇ ਅਦਾਇਗੀ ਦਾ ਜ਼ਰੀਆ ਨਹੀਂ ਦੱਸਿਆ ਹੈ, ਸਗੋਂ ਰਕਮ ਅਦਾ ਕਰਨ ਲਈ ਕਿਹਾ ਹੈ। ਜਦੋਂ ਮੈਂ ਆਪਣੇ ਪੁੱਤਰ ਨਾਲ ਗੱਲ ਕਰਾਉਣ ਲਈ ਕਿਹਾ ਤਾਂ ਉਸ ਨੇ ਇਨਕਾਰ ਕਰ ਦਿੱਤਾ।”