#AMERICA

ਅਮਰੀਕਾ ‘ਚ ਇਕ ਘਰ ਵਿਚੋਂ ਚਲਾਈਆਂ ਗੋਲੀਆਂ ਨਾਲ 2 Police ਅਫਸਰ ਹੋਏ ਜ਼ਖਮੀ

ਸੈਕਰਾਮੈਂਟੋ, 9 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਪੈਨੀਸਿਲਵਾਨੀਆ ਰਾਜ ਵਿਚ ਫਿਲਾਡੈਲਫੀਆ ਸ਼ਹਿਰ ਦੇ ਨੇੜੇ ਇਕ ਘਰ ਵਿਚੋਂ ਚਲਾਈਆਂ ਗੋਲੀਆਂ ਨਾਲ 2 ਪੁਲਿਸ ਅਫਸਰਾਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ। ਡੇਲਾਵੇਅਰ ਕਾਊਂਟੀ ਦੇ ਲਾਅ ਇਨਫੋਰਸਮੈਂਟ ਸੂਤਰਾਂ ਅਨੁਸਾਰ ਇਕ ਵਿਅਕਤੀ ਵੱਲੋਂ ਘਰ ਵਿਚ ਆਪਣੇ ਆਪ ਨੂੰ ਬੰਦ ਕਰ ਲੈਣ ਤੇ ਅੰਦਰੋਂ ਗੋਲੀਆਂ ਚਲਾਉਣ ਦੀ ਸੂਚਨਾ ਮਿਲਣ ‘ਤੇ ਪੁਲਿਸ ਮੌਕੇ ਉਪਰ ਪੁੱਜੀ। ਡੇਲਾਵੇਅਰ ਕਾਊਂਟੀ ਡਿਸਟ੍ਰਿਕਟ ਅਟਾਰਨੀ ਜੈਕ ਸਟੋਲਸਟੀਮਰ ਅਨੁਸਾਰ ਕਿਸੇ ਵੱਲੋਂ ਫੋਨ ਕਰਨ ‘ਤੇ ਪੁਲਿਸ ਅਫਸਰ ਮੌਕੇ ਉਪਰ ਪੁੱਜੇ, ਤਾਂ ਉਨ੍ਹਾਂ ਉਪਰ ਘਰ ਵਿਚੋਂ ਕਿਸੇ ਨੇ ਗੋਲੀ ਚਲਾ ਦਿੱਤੀ। ਬਾਅਦ ਵਿਚ ਉਸ ਵੇਲੇ ਹਾਲਾਤ ਗੰਭੀਰ ਹੋ ਗਏ, ਜਦੋਂ ਅੰਦਰ ਮੌਜੂਦ ਵਿਅਕਤੀ ਨੇ ਘਰ ਨੂੰ ਅੱਗ ਲਾ ਦਿੱਤੀ। ਅੱਗ ਨਾਲ ਘਰ ਪੂਰੀ ਤਰ੍ਹਾਂ ਸੜ ਗਿਆ। ਉਨ੍ਹਾਂ ਕਿਹਾ ਕਿ ਅੱਗ ਬੁਝਾ ਦਿੱਤੀ ਗਈ ਹੈ ਪਰੰਤੂ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਅੰਦਰ ਮੌਜੂਦ ਵਿਅਕਤੀ ਮਾਰਿਆ ਗਿਆ ਹੈ ਜਾਂ ਜੀਂਦਾ ਹੈ। ਇਹ ਵੀ ਸ਼ੱਕ ਕੀਤਾ ਜਾਂਦਾ ਹੈ ਕਿ ਘਟਨਾ ‘ਚ ਇਕ 11 ਸਾਲਾਂ ਦਾ ਬੱਚਾ ਸ਼ਾਮਲ ਹੈ, ਹਾਲਾਂਕਿ ਪੁਲਿਸ ਨੇ ਇਸ ਬਾਰੇ ਯਕੀਨ ਨਾਲ ਕੁਝ ਨਹੀਂ ਕਿਹਾ। ਗੋਲੀਬਾਰੀ ‘ਚ ਜ਼ਖਮੀ ਹੋਏ ਪੁਲਿਸ ਅਫਸਰਾਂ ਦੀ ਹਾਲਤ ਸਥਿੱਰ ਦਸੀ ਜਾਂਦੀ ਹੈ। ਮਾਮਲਾ ਅਜੇ ਜਾਂਚ ਅਧੀਨ ਹੈ।