ਸੈਕਰਾਮੈਂਟੋ, 30 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਦੱਖਣੀ ਕੈਰੋਲੀਨਾ ਦੇ ਸਾਬਕਾ ਅਟਾਰਨੀ ਅਲੈਕਸ ਮੁਰਦੌਘ ਜੋ ਆਪਣੀ ਪਤਨੀ ਤੇ ਪੁੱਤਰ ਦੀ ਹੱਤਿਆ ਦੇ ਮਾਮਲੇ ‘ਚ ਦੋ ਉਮਰ ਕੈਦਾਂ ਕੱਟ ਰਿਹਾ ਹੈ, ਨੂੰ ਵਿੱਤੀ ਅਪਰਾਧਾਂ ਦੇ ਮਾਮਲਿਆਂ ‘ਚ 27 ਸਾਲ ਜੇਲ੍ਹ ਦੀ ਸਜ਼ਾ ਸੁਣਾਏ ਜਾਣ ਦੀ ਖਬਰ ਹੈ। ਸਾਊਸ ਕੈਰੋਲੀਨਾ ਅਟਾਰਨੀ ਜਨਰਲ ਦੇ ਦਫਤਰ ਅਨੁਸਾਰ ਇਸ ਮਹੀਨੇ ਦੇ ਸ਼ੁਰੂ ਵਿਚ ਉਸ ਨੇ ਇਕ ਸਮਝੌਤੇ ਤਹਿਤ ਕਾਲੇ ਧੰਨ ਨੂੰ ਚਿੱਟਾ ਕਰਨ, ਭਰੋਸਾ ਤੋੜਨ, ਸਾਜਿਸ਼ ਰਚਣ, ਜਾਲਸਾਜ਼ੀ ਤੇ ਟੈਕਸ ਚੋਰੀ ਸਮੇਤ ਦੋ ਦਰਜ਼ਨ ਦੇ ਕਰੀਬ ਵਿੱਤੀ ਅਪਰਾਧਾਂ ‘ਚ ਸ਼ਾਮਲ ਹੋਣ ਦਾ ਗੁਨਾਹ ਕਬੂਲ ਕਰ ਲਿਆ ਸੀ।
ਅਟਾਰਨੀ ਏਰਿਕ ਬਲੈਂਡ ਨੇ ਕਿਹਾ ਹੈ ਕਿ ਉਹ ਅਲੈਕਸ ਮੁਰਦੌਘ ਨੂੰ ਸੁਣਾਈ ਸਜ਼ਾ ਤੋਂ ਸੰਤੁਸ਼ਟ ਹਨ। ਉਨ੍ਹਾਂ ਕਿਹਾ ਇਸ ਨਾਲ ਨਾ ਕੇਵਲ ਵਕੀਲਾਂ, ਬਲਕਿ ਹਰ ਉਸ ਵਿਅਕਤੀ ਨੂੰ ਸਪੱਸ਼ਟ ਸੰਦੇਸ਼ ਗਿਆ ਹੈ, ਜੋ ਠੱਗੀ ਠੋਰੀ ਕਰਨਾ ਚਾਹੁੰਦੇ ਹਨ।