#AMERICA

ਅਮਰੀਕਾ ‘ਚ ਅੱਧ ਅਸਮਾਨ ਵਿਚ ਜਹਾਜ਼ ਦਾ ਇੰਜਣ ਬੰਦ ਕਰਨ ਦੀ ਕੋਸ਼ਿਸ਼ ਦੇ ਮਾਮਲੇ ‘ਚ Pilot ਵਿਰੁੱਧ ਮੁਸਾਫਿਰਾਂ ਦੀ ਜਾਨ ਜ਼ੋਖਮ ‘ਚ ਪਾਉਣ ਦੇ ਦੋਸ਼ ਆਇਦ

ਸੈਕਰਾਮੈਂਟੋ, 8 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਵਿਚ ਇਸ ਸਾਲ ਅਕਤੂਬਰ ਮਹੀਨੇ ਵਿਚ ਅੱਧ ਅਸਮਾਨ ਵਿਚ ਕਥਿਤ ਤੌਰ ‘ਤੇ ਇਕ ਯਾਤਰੀ ਜਹਾਜ਼ ਦਾ ਇੰਜਣ ਬੰਦ ਕਰਨ ਦੀ ਕੋਸ਼ਿਸ਼ ਦੇ ਮਾਮਲੇ ਵਿਚ ਅਲਾਸਕਾ ਏਅਰਲਾਈਨਜ਼ ਦੇ ਪਾਇਲਟ ਜੋਸਫ ਐਮਰਸਨ ਵਿਰੁੱਧ ਮੁਸਾਫਿਰਾਂ ਦੀ ਜਾਨ ਜ਼ੋਖਮ ਵਿਚ ਪਾਉਣ ਦੇ ਦੋਸ਼ ਆਇਦ ਕੀਤੇ ਜਾਣ ਦੀ ਖਬਰ ਹੈ। ਓਰਗੋਨ ਰਾਜ ਦੀ ਅਦਾਲਤ ਵਿਚ ਗਰੈਂਡ ਜਿਊਰੀ ਵੱਲੋਂ 22 ਅਕਤੂਬਰ ਨੂੰ ਵਾਪਰੀ ਇਸ ਘਟਨਾ ਦੇ ਮਾਮਲੇ ਵਿਚ ਐਮਰਸਨ ਵਿਰੁੱਧ ਜਹਾਜ਼ ਲਈ ਖਤਰਾ ਪੈਦਾ ਕਰਨ ਵਾਸਤੇ ਪਹਿਲਾ ਦਰਜਾ ਤੇ ਜਹਾਜ਼ ਵਿਚ ਸਵਾਰ 83 ਯਾਤਰੀਆਂ ਦੀ ਜਾਨ ਲਈ ਖਤਰਾ ਪੈਦਾ ਕਰਨ ਸਮੇਤ ਕੁੱਲ 84 ਦੋਸ਼ ਆਇਦ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਐਮਰਸਨ ਦੇ ਵਕੀਲਾਂ ਨੇ ਗਰੈਂਡ ਜਿਊਰੀ ਦੇ ਫੈਸਲਾ ‘ਤੇ ਸੁੱਖ ਦਾ ਸਾਹ ਲਿਆ ਹੈ ਤੇ ਕਿਹਾ ਹੈ ਕਿ ਉਹ ਖੁਸ਼ ਹਨ ਕਿ ਐਮਰਸਨ ਵਿਰੁੱਧ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ਆਇਦ ਨਹੀਂ ਕੀਤੇ ਗਏ ਹਨ।