ਸੈਕਰਾਮੈਂਟੋ, 14 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਬੀਤੇ ਦਿਨੀਂ ਅਣਪਛਾਤੇ ਵਿਅਕਤੀ ਦੇ ਹਮਲੇ ‘ਚ ਗੰਭੀਰ ਰੂਪ ‘ਚ ਜਖਮੀ ਹੋਏ ਭਾਰਤੀ ਮੂਲ ਦੇ ਤਕਨੀਕੀ ਮਾਹਿਰ 41 ਸਾਲਾ ਵਿਵੇਕ ਤਨੇਜਾ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਤਨੇਜਾ ਡਾਇਨਮੋ ਟੈਕਨਾਲੋਜੀ ਕੰਪਨੀ ਦਾ ਪ੍ਰਧਾਨ ਤੇ ਸਹਿ ਸੰਸਥਾਪਕ ਸੀ। ਤਨੇਜਾ ਉਪਰ 2 ਫਰਵਰੀ ਨੂੰ ਸ਼ੋਟੋ ਰੈਸਟੋਰੈਂਟ ਦੇ ਬਾਹਰਵਾਰ ਹਮਲਾ ਕੀਤਾ ਗਿਆ ਸੀ। ਤਕਰਾਰ ਤੋਂ ਬਾਅਦ ਹਮਲਾਵਰ ਨੇ ਤਨੇਜਾ ਨੂੰ ਜ਼ਮੀਨ ਉਪਰ ਸੁੱਟ ਕੇ ਉਸ ਦੇ ਸਿਰ ‘ਤੇ ਵਾਰ ਕੀਤਾ ਸੀ। ਪੁਲਿਸ ਅਨੁਸਾਰ ਤਨੇਜਾ ਇਕ ਔਰਤ ਦੀ ਮਦਦ ਲਈ ਅੱਗੇ ਆਇਆ ਸੀ, ਜਿਸ ਨੂੰ ਸ਼ੱਕੀ ਤੰਗ ਕਰ ਰਿਹਾ ਸੀ। ਜਦੋਂ ਪੁਲਿਸ ਮੌਕੇ ਉਪਰ ਪੁੱਜੀ, ਤਾਂ ਤਨੇਜਾ ਬੁਰੀ ਤਰ੍ਹਾਂ ਲਹੂ-ਲੁਹਾਣ ਹੋਇਆ ਪਿਆ ਸੀ। ਪੁਲਿਸ ਨੇ ਸ਼ੱਕੀ ਦੀ ਗ੍ਰਿਫਤਾਰੀ ਲਈ ਆਮ ਲੋਕਾਂ ਕੋਲੋਂ ਮਦਦ ਮੰਗੀ ਹੈ ਤੇ ਸ਼ੱਕੀ ਦੀ ਗ੍ਰਿਫਤਾਰੀ ਲਈ ਸੂਹ ਦੇਣ ਵਾਲੇ ਨੂੰ 25000 ਡਾਲਰ ਇਨਾਮ ਦੇਣ ਦਾ ਐਲਾਨ ਕੀਤਾ ਹੈ। ਤਨੇਜਾ ਜਿਸ ਨੇ ਯੂਨੀਵਰਸਿਟੀ ਆਫ ਵਰਜੀਨੀਆ ਤੋਂ ਗ੍ਰੈਜੂਏਸ਼ਨ ਕੀਤੀ ਸੀ, ਆਪਣੇ ਆਸ-ਪਾਸ ਦੇ ਲੋਕਾਂ ਵਿਚ ਬਹੁਤ ਹਰਮਨ ਪਿਆਰਾ ਸੀ।