– ਅਮਰੀਕਾ ਦੇ ਖੁਫੀਆ ਅਫਸਰਾਂ ਵੱਲੋਂ ਵੱਡੇ ਖੁਲਾਸੇ
– ਵੋਟਿੰਗ ਵਾਲੇ ਦਿਨ ਅਤੇ ਨਵੇਂ ਰਾਸ਼ਟਰਪਤੀ ਦੇ ਅਹੁਦਾ ਸੰਭਾਲਣ ਦੇ ਵਿਚਕਾਰ ਦੀ ਮਿਆਦ ਖਾਸ ਤੌਰ ‘ਤੇ ਜ਼ੋਖਿਮ ਵਾਲੀ
ਵਾਸ਼ਿੰਗਟਨ, 23 ਅਕਤੂਬਰ (ਪੰਜਾਬ ਮੇਲ)- ਅਮਰੀਕੀ ਖੁਫੀਆ ਅਧਿਕਾਰੀਆਂ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਰੂਸ, ਚੀਨ ਅਤੇ ਈਰਾਨ 5 ਨਵੰਬਰ ਨੂੰ ਦੇਸ਼ ‘ਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਅਮਰੀਕੀਆਂ ਨੂੰ ਵੰਡ ਕੇ ਅਤੇ ਚੋਣਾਂ ਤੋਂ ਬਾਅਦ ਹਿੰਸਾ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਖੁਫੀਆ ਅਧਿਕਾਰੀਆਂ ਨੇ ਅਮਰੀਕੀ ਚੋਣਾਂ ਦੀ ਸੁਰੱਖਿਆ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਇਹ ਖਦਸ਼ਾ ਪ੍ਰਗਟਾਇਆ।
ਉਨ੍ਹਾਂ ਕਿਹਾ ਕਿ ਵਿਦੇਸ਼ੀ ਤਾਕਤਾਂ ਆਪਣੇ ਇਰਾਦਿਆਂ ਦੀ ਪੂਰਤੀ ਲਈ ਹਿੰਸਾ ਫੈਲਾਉਣ ਲਈ ਧਮਕੀਆਂ ਅਤੇ ਪ੍ਰਾਪੇਗੰਡਾ ਵੀ ਵਰਤ ਕਰ ਸਕਦੀਆਂ ਹਨ। ਇਹ ਤਾਕਤਾਂ ਅਨਿਸ਼ਚਿਤਤਾ ਪੈਦਾ ਕਰਕੇ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ੀ ਤਾਕਤਾਂ ਖਾਸ ਕਰਕੇ ਰੂਸ, ਈਰਾਨ ਅਤੇ ਚੀਨ ਸਮਾਜ ਵਿਚ ਵਿਗਾੜ ਪੈਦਾ ਕਰਨ ‘ਤੇ ਤੁਲੀਆਂ ਹੋਈਆਂ ਹਨ।
ਨੈਸ਼ਨਲ ਇੰਟੈਲੀਜੈਂਸ ਦਫ਼ਤਰ ਦੇ ਡਾਇਰੈਕਟਰ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਤਾਕਤਾਂ ਆਪਣੇ ਉਦੇਸ਼ ਦੀ ਪ੍ਰਾਪਤੀ ਲਈ ਇਨ੍ਹਾਂ ਗਤੀਵਿਧੀਆਂ ਵਿਚ ਲਗਾਤਾਰ ਸਰਗਰਮ ਹਨ। ਹਾਲਾਂਕਿ, ਉਕਤ ਅਧਿਕਾਰੀ ਨੇ ਇਹ ਸਵੀਕਾਰ ਨਹੀਂ ਕੀਤਾ ਕਿ ਤਿੰਨੇ ਦੇਸ਼ ਸਾਂਝੇ ਤੌਰ ‘ਤੇ ਇਹ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਹਨ।
ਅਧਿਕਾਰੀਆਂ ਨੇ ਕਿਹਾ ਕਿ ਇਸ ਸਾਲ ਦੀਆਂ ਚੋਣਾਂ ਤੋਂ ਬਾਅਦ ਕਿਸੇ ਅਮਰੀਕੀ ਵਿਰੋਧੀ ਵੱਲੋਂ ਸਿਆਸੀ ਹਿੰਸਾ ਭੜਕਾਉਣ ਦਾ ਖਤਰਾ ਜ਼ਿਆਦਾ ਹੈ। 6 ਜਨਵਰੀ, 2021 ਨੂੰ ਟਰੰਪ ਦੇ ਸਮਰਥਕਾਂ ਦੁਆਰਾ ਯੂ.ਐੱਸ. ਕੈਪੀਟਲ ‘ਤੇ ਹਮਲੇ ਨੇ ਇਹ ਵੀ ਉਜਾਗਰ ਕੀਤਾ ਕਿ ਚੋਣ ਨਤੀਜਿਆਂ ਬਾਰੇ ਕਿੰਨੀ ਆਸਾਨੀ ਨਾਲ ਝੂਠੇ ਅਤੇ ਗੁੰਮਰਾਹਕੁੰਨ ਦਾਅਵੇ ਅਸਲ ਸੰਸਾਰ ਵਿਚ ਘਾਤਕ ਕਾਰਵਾਈ ਨੂੰ ਸ਼ੁਰੂ ਕਰ ਸਕਦੇ ਹਨ।
ਇਸ ਵਿਚ ਕਿਹਾ ਗਿਆ ਹੈ ਕਿ ਵੋਟਿੰਗ ਵਾਲੇ ਦਿਨ ਅਤੇ ਨਵੇਂ ਰਾਸ਼ਟਰਪਤੀ ਦੇ ਅਹੁਦਾ ਸੰਭਾਲਣ ਦੇ ਵਿਚਕਾਰ ਦੀ ਮਿਆਦ ਖਾਸ ਤੌਰ ‘ਤੇ ਜ਼ੋਖਿਮ ਵਾਲੀ ਹੈ। ਇਸ ਦੌਰਾਨ ਗੁੰਮਰਾਹਕੁੰਨ ਦਾਅਵਿਆਂ ਅਤੇ ਬੇਨਿਯਮੀਆਂ ਦੇ ਦੋਸ਼ਾਂ ਕਾਰਨ ਚੋਣਾਂ ਵਿਚ ਵਿਘਨ ਪੈ ਸਕਦਾ ਹੈ। ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਧਰੁਵੀਕਰਨ ਨੇ ਸਿਆਸੀ ਹਿੰਸਾ ਦਾ ਖਤਰਾ ਵਧਾ ਦਿੱਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਰੂਸ, ਚੀਨ ਅਤੇ ਈਰਾਨ, ਅਮਰੀਕਾ ਦੀ ਏਕਤਾ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ।
ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਈਰਾਨ ਨੇ ਗਲਤ ਜਾਣਕਾਰੀ ਅਤੇ ਮੁਹਿੰਮ ਦੀਆਂ ਈਮੇਲਾਂ ਨੂੰ ਹੈਕ ਕਰਕੇ ਟਰੰਪ ਦੀ ਮੁਹਿੰਮ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਤੁਹਾਨੂੰ ਦੱਸ ਦੇਈਏ ਕਿ ਇਹ ਟਰੰਪ ਪ੍ਰਸ਼ਾਸਨ ਸੀ, ਜਿਸ ਨੇ ਈਰਾਨ ਨਾਲ ਪ੍ਰਮਾਣੂ ਸਮਝੌਤਾ ਖਤਮ ਕਰ ਦਿੱਤਾ ਸੀ। ਇਸ ਤੋਂ ਇਲਾਵਾ ਈਰਾਨੀ ਜਨਰਲ ਕਾਸਿਮ ਸੁਲੇਮਾਨੀ ਦੀ ਵੀ ਹੱਤਿਆ ਕਰ ਦਿੱਤੀ ਗਈ ਸੀ। ਈਰਾਨ ਨੇ ਸੁਲੇਮਾਨੀ ਦੀ ਹੱਤਿਆ ਦਾ ਬਦਲਾ ਲੈਣ ਦੀ ਗੱਲ ਕੀਤੀ ਸੀ
ਅਮਰੀਕਾ ਚੋਣਾਂ: ਰੂਸ, ਈਰਾਨ ਤੇ ਚੀਨ ਚੋਣਾਂ ਤੋਂ ਬਾਅਦ ਭੜਕਾ ਸਕਦੇ ਨੇ ਹਿੰਸਾ!
