ਹਿਊਸਟਨ, 26 ਅਕਤੂਬਰ (ਪੰਜਾਬ ਮੇਲ)- ਮਸ਼ਹੂਰ ਅਮਰੀਕੀ ਅਭਿਨੇਤਰੀ ਅਤੇ ਗਾਇਕਾ ਬਿਓਨਸੇ ਨੇ ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਲਈ ਸ਼ੁੱਕਰਵਾਰ ਰਾਤ ਨੂੰ ਪ੍ਰਚਾਰ ਕਰਦੇ ਹੋਏ ਇੱਥੇ ਇੱਕ ਰੈਲੀ ਵਿਚ ਕਿਹਾ ਕਿ ਮੈਂ ਇੱਥੇ ਕਿਸੇ ਸੈਲੀਬ੍ਰਿਟੀ ਵਜੋਂ, ਕਿਸੇ ਨੇਤਾ ਵਜੋਂ ਨਹੀਂ ਆਈ ਹਾਂ, ਸਗੋਂ ਮੈਂ ਇੱਥੇ ਇਕ ਮਾਂ ਦੇ ਰੂਪ ਵਿਚ ਆਈ ਹਾਂ। ਅਜਿਹੀ ਮਾਂ ਜੋ ਆਪਣੇ ਬੱਚਿਆਂ ਦੀ ਦੁਨੀਆਂ ਦੀ ਬਹੁਤ ਪ੍ਰਵਾਹ ਕਰਦੀ ਹੈ ਅਤੇ ਸਾਡੇ ਸਾਰੇ ਬੱਚੇ ਅਜਿਹੀ ਦੁਨੀਆਂ ਵਿਚ ਰਹਿੰਦੇ ਹਨ, ਜਿੱਥੇ ਸਾਨੂੰ ਆਪਣੇ ਸਰੀਰ ‘ਤੇ ਨਿਯੰਤਰਣ ਕਰਨ ਦੀ ਆਜ਼ਾਦੀ ਹੈ, ਇੱਕ ਅਜਿਹੀ ਦੁਨੀਆਂ ਜਿੱਥੇ ਅਸੀਂ ਵੰਡੇ ਹੋਏ ਨਹੀਂ ਹਾਂ।
ਬਿਓਨਸੇ ਨੇ ਕਿਹਾ ਕਿ ਕਲਪਨਾ ਕਰੋ ਕਿ ਸਾਡੀਆਂ ਧੀਆਂ ਇਹ ਵੇਖਦੇ ਹੋਏ ਵੱਡੀਆਂ ਹੋ ਰਹੀਆਂ ਹਨ ਕਿ ਬਿਨਾਂ ਕਿਸੇ ਪਾਬੰਦੀ ਦੇ ਕੀ ਕੁੱਝ ਸੰਭਵ ਹੈ। ਸਾਨੂੰ ਵੋਟ ਪਾਉਣੀ ਚਾਹੀਦੀ ਹੈ ਅਤੇ ਸਾਨੂੰ ਤੁਹਾਡੀ ਲੋੜ ਹੈ। ਬਿਓਨਸੇ ਨੇ ਸਟੇਜ ‘ਤੇ ਹੈਰਿਸ ਦੀ ਜਾਣ-ਪਛਾਣ ਕਰਾਉਂਦੇ ਹੋਏ ਕਿਹਾ, ‘ਲੈਡੀਜ਼ ਐਂਡ ਜੈਂਟਲਮੈਨ, ਕਿਰਪਾ ਕਰਕੇ ਅਮਰੀਕਾ ਦੀ ਅਗਲੀ ਰਾਸ਼ਟਰਪਤੀ, ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਟੈਕਸਾਸ ‘ਚ ਨਿੱਘਾ ਸੁਆਗਤ ਕਰੋ।’
ਅਮਰੀਕੀ ਅਭਿਨੇਤਰੀ ਨੇ ਇਸ ਵਾਰ ਚੋਣ ਪ੍ਰਚਾਰ ਦੌਰਾਨ ਪੇਸ਼ਕਾਰੀ ਨਹੀਂ ਦਿੱਤੀ, ਜਦੋਂ ਕਿ 2016 ਵਿਚ ਉਨ੍ਹਾਂ ਨੇ ਕਲੀਵਲੈਂਡ ਵਿਚ ਹਿਲੇਰੀ ਕਲਿੰਟਨ ਲਈ ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਪ੍ਰਚਾਰ ਕਰਦੇ ਹੋਏ ਪੇਸ਼ਕਾਰੀ ਦਿੱਤੀ ਸੀ। ਹਿਊਸਟਨ ਬਿਓਨਸੇ ਦਾ ਜੱਦੀ ਸ਼ਹਿਰ ਹੈ ਅਤੇ ਉਨ੍ਹਾਂ ਦੇ 2016 ਦੇ ਗੀਤ ”ਫ੍ਰੀਡਮ” ਦਾ ਹੈਰਿਸ ਦੀ ਪ੍ਰਚਾਰ ਟੀਮ ਨੇ ਇਸਤੇਮਾਲ ਕੀਤਾ ਹੈ। ਬਿਓਨਸੇ ਨੇ ਹੈਰਿਸ ਨੂੰ ਇਸ ਗੀਤ ਦੀ ਵਰਤੋਂ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ
ਅਮਰੀਕਾ ਚੋਣਾਂ: ਮਸ਼ਹੂਰ ਅਮਰੀਕੀ ਗਾਇਕਾ ਬਿਓਨਸੇ ਵੱਲੋਂ ਕਮਲਾ ਹੈਰਿਸ ਲਈ ਪ੍ਰਚਾਰ
