#AMERICA

ਅਮਰੀਕਾ-ਚੀਨ ਉਡਾਣਾਂ ਦੀ ਗਿਣਤੀ ਦੁੱਗਣੀ ਕਰਨ ਦਾ ਫੈਸਲਾ

ਵਾਸ਼ਿੰਗਟਨ, 15 ਅਗਸਤ (ਪੰਜਾਬ ਮੇਲ)- ਚੀਨ ਅਤੇ ਅਮਰੀਕਾ ਨੇ ਦੋਹਾਂ ਦੇਸ਼ਾਂ ਵਿਚਾਲੇ ਏਅਰ ਕੈਰੀਅਰ ਦੇ ਮੌਜੂਦਾ ਜਹਾਜ਼ਾਂ ਦੀ ਗਿਣਤੀ ਵਧਾਉਣ ਦਾ ਫ਼ੈਸਲਾ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਸਮਝੌਤਾ ਕੋਵਿਡ-19 ਮਹਾਮਾਰੀ ਦੌਰਾਨ ਲਗਾਈ ਗਈ ਯਾਤਰਾ ਪਾਬੰਦੀ ਕਾਰਨ ਦੁਨੀਆਂ ਦੀਆਂ ਦੋ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਵਿਚਕਾਰ ਪੈਦਾ ਹੋਏ ਡੈੱਡਲਾਕ ਨੂੰ ਘੱਟ ਕਰੇਗਾ। ਅਮਰੀਕਾ ਦੇ ਆਵਾਜਾਈ ਮੰਤਰਾਲੇ ਨੇ ਕਿਹਾ ਕਿ ਅਮਰੀਕਾ ਨੇ ਚੀਨ ਦੇ ਚਾਰ ਯਾਤਰੀ ਜਹਾਜ਼ਾਂ ਨੂੰ ਦੁੱਗਣਾ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਚਾਰ ਜਹਾਜ਼ ਇਸ ਸਮੇਂ ਅਮਰੀਕਾ ਵਿਚ ਉਡਾਣ ਭਰ ਰਹੇ ਹਨ, ਇਨ੍ਹਾਂ ਦੀ ਗਿਣਤੀ ਵਧਾ ਕੇ ਅੱਠ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਚੀਨ ਨੇ ਵੀ ਆਪਣੇ ਇੱਥੇ ਉੱਡਣ ਵਾਲੀਆਂ ਅਮਰੀਕੀ ਉਡਾਣਾਂ ਨੂੰ ਦੁੱਗਣਾ ਕਰਨ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ।
ਮੰਤਰਾਲੇ ਨੇ ਦੱਸਿਆ ਕਿ ਇਸੇ ਤਰ੍ਹਾਂ ਚੀਨ ਦੀ ਏਅਰ ਚਾਈਨਾ, ਚਾਈਨਾ ਈਸਟਰਨ ਏਅਰਲਾਈਨਜ਼, ਚਾਈਨਾ ਸਾਊਥ ਏਅਰਲਾਈਨਜ਼ ਅਤੇ ਜ਼ਿਆਮੇਨ ਏਅਰਲਾਈਨਜ਼ ਅਮਰੀਕਾ ਲਈ ਹਫ਼ਤੇ ਵਿਚ ਚਾਰ ਦੀ ਬਜਾਏ ਅੱਠ ਉਡਾਣਾਂ ਭਰ ਸਕਣਗੀਆਂ। ਕੋਰੋਨਾ ਵਾਇਰਸ ਤੋਂ ਬਾਅਦ ਅਮਰੀਕਾ ਨੇ ਚੀਨ ਲਈ ਸਵੈ-ਇੱਛਤ ਉਡਾਣਾਂ ’ਤੇ ਪਾਬੰਦੀ ਲਗਾ ਦਿੱਤੀ ਸੀ। 31 ਜਨਵਰੀ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲਗਭਗ ਸਾਰੇ ਗੈਰ-ਅਮਰੀਕੀ ਨਾਗਰਿਕਾਂ ਲਈ ਚੀਨ ਤੋਂ ਅਮਰੀਕਾ ਦੀ ਯਾਤਰਾ ’ਤੇ ਪਾਬੰਦੀ ਲਗਾ ਦਿੱਤੀ ਸੀ। ਯੂਨਾਈਟਿਡ ਏਅਰਲਾਈਨਜ਼ ਨੇ ਕਿਹਾ ਕਿ ਉਹ ਚੀਨ ਲਈ ਜਹਾਜ਼ਾਂ ਦੀ ਗਿਣਤੀ ਚਾਰ ਤੱਕ ਵਧਾਏਗੀ। 4 ਸਤੰਬਰ ਤੋਂ ਸਾਨ ਫਰਾਂਸਿਸਕੋ ਤੋਂ ਸ਼ੰਘਾਈ ਲਈ ਹਰ ਹਫ਼ਤੇ ਚਾਰ ਹੋਰ ਉਡਾਣਾਂ ਸ਼ੁਰੂ ਹੋਣਗੀਆਂ। ਜਦੋਂਕਿ ਵਿਭਾਗ ਨੇ ਕਿਹਾ ਕਿ ਡੈਲਟਾ ਏਅਰਲਾਈਨ ਵੀ ਹਫ਼ਤੇ ਵਿਚ ਦੋ ਵਾਰ ਤੋਂ ਹਫ਼ਤੇ ਵਿਚ ਚਾਰ ਵਾਰ ਉਡਾਣ ਭਰਨ ਦੇ ਯੋਗ ਹੈ। ਅਮਰੀਕਾ ਨੂੰ ਉਮੀਦ ਹੈ ਕਿ ਚੀਨ ਦੁਵੱਲੇ ਹਵਾਬਾਜ਼ੀ ਸਮਝੌਤੇ ਦੇ ਤਹਿਤ ਅਮਰੀਕੀ ਉਡਾਣ ਅਧਿਕਾਰਾਂ ਨੂੰ ਬਹਾਲ ਕਰਨ ਲਈ ਸਹਿਮਤ ਹੋਵੇਗਾ। ਅਮਰੀਕਾ-ਚੀਨ ਸਮਝੌਤੇ ਤਹਿਤ ਦੋਵਾਂ ਦੇਸ਼ਾਂ ਨੂੰ ਇਕ-ਦੂਜੇ ਦੇ ਦੇਸ਼ ’ਚ ਹਰ ਹਫਤੇ 100 ਜਹਾਜ਼ ਉਡਾਉਣ ਦੀ ਇਜਾਜ਼ਤ ਹੈ। ਅਮਰੀਕਾ ਨੇ ਜੂਨ ਵਿਚ ਚੀਨੀ ਯਾਤਰੀ ਉਡਾਣਾਂ ਨੂੰ ਰੋਕਣ ਦੀ ਧਮਕੀ ਦਿੱਤੀ ਸੀ ਕਿਉਂਕਿ ਬੀਜਿੰਗ ਅਮਰੀਕੀ ਏਅਰਲਾਈਨਜ਼ ਦੀਆਂ ਉਡਾਣਾਂ ਨੂੰ ਤੁਰੰਤ ਬਹਾਲ ਕਰਨ ਦੇ ਹੱਕ ਵਿਚ ਨਹੀਂ ਸੀ।

Leave a comment