#AMERICA

ਅਮਰੀਕਾ ਕੈਨੇਡਾ ਨੂੰ ਜੋੜਣ ਵਾਲੇ ਪੁਲ ‘ਤੇ ਹੋਏ ਧਮਾਕੇ ਦਾ ਅੱਤਵਾਦ ਨਾਲ ਸਬੰਧ ਨਹੀਂ-ਐੱਫ.ਬੀ.ਆਈ.

* ਮਾਰੇ ਗਏ ਦੋ ਲੋਕ ਸਨ ਪਤੀ – ਪਤਨੀ
ਸੈਕਰਾਮੈਂਟੋ, 26 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਅਮਰੀਕਾ ਕੈਨੇਡਾ ਸਰਹੱਦ ਉਪਰ ਨਿਆਗਰ ਫਾਲਜ਼ ਨੇੜੇ ਦੋਨਾਂ ਦੇਸ਼ਾਂ ਨੂੰ ਜੋੜਣ ਵਾਲੇ ਪੁਲ ਉਪਰ ਇਕ ਕਾਰ ਨਾਲ ਵਾਪਰੇ ਹਾਦਸੇ ਉਪਰੰਤ ਹੋਏ ਧਮਾਕੇ ਵਿਚ ਮਾਰੇ ਗਏ ਦੋ ਲੋਕ ਪਤੀ-ਪਤਨੀ ਸਨ ਤੇ ਉਹ ਨਿਊਯਾਰਕ ਦੇ ਰਹਿਣ ਵਾਲੇ ਸਨ। ਇਹ ਪ੍ਰਗਟਾਵਾ ਲਾਅ ਇਨਫੋਰਸਮੈਂਟ ਸੂਤਰਾਂ ਨੇ ਕੀਤਾ ਹੈ। ਇਸ ਦੇ ਨਾਲ ਹੀ ਐੱਫ.ਬੀ.ਆਈ. ਨੇ ਕਿਹਾ ਹੈ ਕਿ ਇਸ ਧਮਾਕੇ ਦਾ ਅੱਤਵਾਦ ਨਾਲ ਕੋਈ ਸਬੰਧ ਨਹੀਂ ਹੈ। ਬੁੱਧਵਾਰ ਦੇਰ ਗਏ ਰੇਨਬੋਅ ਪੁਲ ਉਪਰ ਅਮਰੀਕਾ ਵਾਲੇ ਪਾਸੇ ਹੋਏ ਧਮਾਕੇ ਬਾਰੇ ਜਾਂਚਕਾਰਾਂ ਦਾ ਵਿਸ਼ਵਾਸ ਹੈ ਕਿ ਪਤੀ-ਪਤਨੀ ਤੇਜ਼ ਰਫਤਾਰ ਨਾਲ ਜਾ ਰਹੀ ਕਾਰ ਵਿਚ ਸਵਾਰ ਸਨ, ਜਦੋਂ ਇਹ ਕਾਰ ਨਰੀਖਣ ਚੌਕੀ ‘ਤੇ ਬਣੀ ਇਕ ਰੋਕ ਨਾਲ ਟਕਰਾਉਣ ਉਪਰੰਤ ਰੇਲਿੰਗ ਵਿਚ ਜਾ ਵੱਜੀ। ਉਪਰੰਤ ਹੋਏ ਧਮਾਕੇ ਕਾਰਨ ਕਾਰ ਨੂੰ ਅੱਗ ਲੱਗ ਗਈ। ਐੱਫ.ਬੀ.ਆਈ. ਦੇ ਬੁਫੈਲੋ ਵਿਚਲੇ ਫੀਲਡ ਦਫਤਰ ਨੇ ਐਲਾਨ ਕੀਤਾ ਹੈ ਕਿ ਸ਼ੁਰੂ ਵਿਚ ਅੱਤਵਾਦੀ ਹਮਲਾ ਹੋਣ ਦੀ ਚਿੰਤਾ ਦੇ ਬਾਵਜੂਦ ਐੱਫ.ਬੀ.ਆਈ. ਨੂੰ ਇਸ ਧਮਾਕੇ ਦਾ ਅੱਤਵਾਦ ਨਾਲ ਸਬੰਧ ਹੋਣ ਬਾਰੇ ਕੋਈ ਸਬੂਤ ਨਹੀਂ ਮਿਲਿਆ ਤੇ ਨਾ ਹੀ ਮੌਕੇ ਤੋਂ ਕੋਈ ਧਮਾਕਾਖੇਜ਼ ਸਮੱਗਰੀ ਦੇ ਸਬੂਤ ਮਿਲੇ ਹਨ। ਦਫਤਰ ਅਨੁਸਾਰ ਇਹ ਮਾਮਲਾ ਸਥਾਨਕ ਪੁਲਿਸ ਨੂੰ ਹਾਦਸੇ ਦੀ ਜਾਂਚ ਵਾਸਤੇ ਸੌਂਪ ਦਿੱਤਾ ਗਿਆ ਹੈ। ਨਿਊਯਾਰਕ ਦੇ ਗਵਰਨਰ ਕੈਥੀ ਹੋਚਲ ਨੇ ਇਕ ਪ੍ਰੈੱਸ ਬਿਆਨ ਵਿਚ ਕਿਹਾ ਹੈ ਕਿ ਮੈ ਇਹ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਅਜਿਹਾ ਕੋਈ ਸੰਕੇਤ ਨਹੀਂ ਮਿਲਿਆ ਹੈ, ਜਿਸ ਤੋਂ ਪਤਾ ਲੱਗਦਾ ਹੋਵੇ ਕਿ ਇਹ ਅੱਤਵਾਦੀ ਹਮਲਾ ਸੀ। ਇਸ ਧਮਾਕੇ ਕਾਰਨ ਕੈਨੇਡਾ ਤੇ ਅਮਰੀਕਾ ਨੂੰ ਜੋੜਦੇ ਸਾਰੇ 4 ਪੁਲਾਂ ਨੂੰ ਆਰਜੀ ਤੌਰ ‘ਤੇ ਬੰਦ ਕਰ ਦਿੱਤਾ ਗਿਆ ਸੀ, ਜਿਨ੍ਹਾਂ ਵਿਚੋਂ 3 ਪੁਲਾਂ ਨੂੰ ਆਮ ਆਵਾਜਾਈ ਲਈ ਮੁੜ ਖੋਲ੍ਹ ਦਿੱਤਾ ਗਿਆ ਹੈ, ਜਦਕਿ ਰੇਅਨਬੋਅ ਪੁਲ ਅਜੇ ਬੰਦ ਹੈ।