#PUNJAB

ਅਮਰੀਕਾ-ਕੈਨੇਡਾ ਤੋਂ ਆਇਆ ਪਰਿਵਾਰ ਬੱਸ ਹਾਦਸੇ ਦਾ ਸ਼ਿਕਾਰ; N.R.I. ਔਰਤ ਦੀ ਮੌਤ

ਗੁਰਾਇਆ, 19 ਦਸੰਬਰ (ਪੰਜਾਬ ਮੇਲ)- ਅਮਰੀਕਾ ਅਤੇ ਕੈਨੇਡਾ ਤੋਂ ਆਇਆ ਇਕ ਪਰਿਵਾਰ ਇਥੇ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਵਿਚ ਇਕ ਐੱਨ.ਆਰ.ਆਈ. ਔਰਤ ਦੀ ਮੌਤ ਹੋ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹਾਦਸੇ ‘ਚ ਜ਼ਖਮੀ ਹੋਏ ਅਵਤਾਰ ਸਿੰਘ ਸਹੋਤਾ ਅਤੇ ਅਸੀਸ ਕੌਰ ਸਹੋਤਾ ਨੇ ਦੱਸਿਆ ਕਿ ਉਹ ਕੈਨੇਡਾ ਤੋਂ ਆਏ ਹੋਏ ਹਨ ਅਤੇ ਇੱਥੋਂ ਦੇ ਪਿੰਡ ਫਲਪੋਤਾ ਦੇ ਵਸਨੀਕ ਹਨ। ਉਨ੍ਹਾਂ ਦੀ ਸਕਾਰਪੀਓ ਕਾਰ ‘ਚ ਸਵਾਰ ਚਾਰ ਵਿਅਕਤੀ ਸਵਾਰ ਸਨ, ਜਿਨ੍ਹਾਂ ‘ਚ ਉਨ੍ਹਾਂ ਦੀ ਭਰਜਾਈ ਅਵਤਾਰ ਕੌਰ (67) ਪਤਨੀ ਸੁੱਚਾ ਸਿੰਘ, ਭਰਾ ਸੁੱਚਾ ਸਿੰਘ ਪੁੱਤਰ ਜੋਗਿੰਦਰ ਸਿੰਘ ਜੋ ਕਿ ਅਮਰੀਕਾ ਤੋਂ ਆਏ ਹੋਏ ਸਨ, ਅਵਤਾਰ ਸਿੰਘ (77) ਪੁੱਤਰ ਜੋਗਿੰਦਰ ਸਿੰਘ, ਅਸੀਸ ਕੌਰ (70) ਪਤਨੀ ਅਵਤਾਰ ਸਿੰਘ ਮੌਜੂਦ ਸਨ। ਗੱਡੀ ਨੂੰ ਸੁੱਚਾ ਸਿੰਘ ਕਾਰ ਚਲਾ ਰਿਹਾ ਸੀ। ਜਦੋਂ ਉਹ ਗੁਰਾਇਆ ਤੋਂ ਡੱਲੇਵਾਲ ਫਾਟਕ ਵੱਲ ਸੜਕ ਪਾਰ ਕਰਨ ਲੱਗੇ, ਤਾਂ ਉਸ ਦੀ ਸਕਾਰਪੀਓ ਗੱਡੀ ਲੁਧਿਆਣਾ ਤੋਂ ਗੁਰਾਇਆ ਵੱਲ ਆ ਰਹੀ ਪੀ.ਆਰ.ਟੀ.ਸੀ. ਦੀ ਬੱਸ ਨਾਲ ਟਕਰਾ ਗਈ, ਜਿਸ ਵਿਚ ਚਾਰੇ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਫਗਵਾੜਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਅਵਤਾਰ ਕੌਰ ਅਤੇ ਸੁੱਚਾ ਸਿੰਘ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਡੀ.ਐੱਮ.ਸੀ. ਹਸਪਤਾਲ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਗਿਆ, ਇਸ ਦੌਰਾਨ ਅਵਤਾਰ ਕੌਰ ਸਹੋਤਾ ਦੀ ਰਸਤੇ ਵਿਚ ਹੀ ਮੌਤ ਹੋ ਗਈ। ਸੁੱਚਾ ਸਿੰਘ ਡੀ.ਐੱਮ.ਸੀ. ਹਸਪਤਾਲ ਅਤੇ ਅਵਤਾਰ ਸਿੰਘ ਫਗਵਾੜਾ ਦੇ ਹਸਪਤਾਲ ਵਿਚ ਦਾਖ਼ਲ ਹੈ।
ਪੁਲਿਸ ਨੇ ਮੌਕੇ ‘ਤੇ ਬੱਸ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਹੈ। ਜਾਂਚ ਅਧਿਕਾਰੀ ਸਬ-ਇੰਸਪੈਕਟਰ ਜਗਦੀਸ਼ ਰਾਜ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜ਼ਖਮੀਆਂ ਦੇ ਬਿਆਨਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।