#OTHERS

ਅਫ਼ਗ਼ਾਨ-ਤਾਜਿਕ ਸਰਹੱਦ ‘ਤੇ ਲੱਗੇ ਭੂਚਾਲ ਦੇ ਝਟਕੇ

-ਪਾਕਿ ਤੇ ਜੰਮੂ-ਕਸ਼ਮੀਰ ਵੀ ਕੰਬੇ
ਕਾਬੁਲ, 19 ਅਪ੍ਰੈਲ (ਪੰਜਾਬ ਮੇਲ)- ਅਫ਼ਗ਼ਾਨਿਸਤਾਨ ਦੇ ਕੌਮੀ ਭੂਚਾਲ ਵਿਗਿਆਨ ਕੇਂਦਰ ਨੇ ਇੱਕ ਬਿਆਨ ਵਿਚ ਕਿਹਾ ਕਿ ਸ਼ਨਿੱਚਰਵਾਰ ਨੂੰ ਆਏ 5.8 ਸ਼ਿੱਦਤ ਦੇ ਭੂਚਾਲ ਨੇ ਅਫਗਾਨਿਸਤਾਨ ਨੂੰ ਹਿਲਾ ਕੇ ਰੱਖ ਦਿੱਤਾ ਹੈ। ਭੂਚਾਲ ਦਾ ਕੇਂਦਰ ਅਫ਼ਗ਼ਾਨਿਸਤਾਨ-ਤਾਜਿਕਿਸਤਾਨ ਸਰਹੱਦ ਦੇ ਕਰੀਬ ਅਫ਼ਗਾਨਿਸਤਾਨ ਵਾਲੇ ਪਾਸੇ ਸੀ।
ਐੱਨ.ਸੀ.ਐੱਸ. ਅਨੁਸਾਰ ਭੂਚਾਲ 130 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ। ਫਿਲਹਾਲ ਇਸ ਸਬੰਧੀ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਮਿਲੀ ਸੀ। ਇਸ ਤੋਂ ਪਹਿਲਾਂ 16 ਅਪ੍ਰੈਲ ਨੂੰ ਵੀ ਅਫਗਾਨਿਸਤਾਨ ਵਿਚ 5.9 ਸ਼ਿੱਦਤ ਦਾ ਭੂਚਾਲ ਆਇਆ ਸੀ।
ਅਫਗਾਨਿਸਤਾਨ ਦਾ ਸ਼ਕਤੀਸ਼ਾਲੀ ਭੂਚਾਲਾਂ ਦਾ ਇਤਿਹਾਸ ਹੈ ਅਤੇ ਰੈੱਡ ਕਰਾਸ ਦੇ ਅਨੁਸਾਰ, ਹਿੰਦੂਕੁਸ਼ ਪਹਾੜੀ ਖਿੱਤਾ ਭੂ-ਵਿਗਿਆਨਕ ਤੌਰ ‘ਤੇ ਭੂਚਾਲਾਂ ਲਈ ਇਕ ਸਰਗਰਮ ਖੇਤਰ ਹੈ, ਜਿੱਥੇ ਹਰ ਸਾਲ ਭੂਚਾਲ ਆਉਂਦੇ ਹਨ।
ਜੰਮੂ-ਕਸ਼ਮੀਰ ਤੇ ਪਾਕਿ ‘ਚ ਵੀ ਮਹਿਸੂਸ ਕੀਤੇ ਗਏ ਝਟਕੇ
ਇਸਲਾਮਾਬਾਦ: ਸ਼ਨਿੱਚਰਵਾਰ ਨੂੰ ਅਫਗਾਨਿਸਤਾਨ-ਤਾਜਿਕਸਤਾਨ ਸਰਹੱਦੀ ਖੇਤਰ ਵਿਚ ਆਏ ਭੂਚਾਲ ਦੇ ਝਟਕੇ ਪਾਕਿਸਤਾਨ ਦੇ ਬਹੁਤ ਸਾਰੇ ਇਲਾਕਿਆਂ ਵਿਚ ਵੀ ਮਹਿਸੂਸ ਕੀਤੇ ਗਏ। ਭੂਚਾਲ ਪਾਕਿਸਤਾਨੀ ਸਮੇਂ ਮੁਤਾਬਕ ਸਵੇਰੇ 11:47 ਵਜੇ ਦਰਜ ਕੀਤਾ ਗਿਆ।
ਪਾਕਿਸਤਾਨ ਦੇ ਇੱਕ ਵਿਸ਼ਾਲ ਖੇਤਰ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਵਿਚ ਇਸਲਾਮਾਬਾਦ, ਲਾਹੌਰ, ਪਿਸ਼ਾਵਰ, ਰਾਵਲਪਿੰਡੀ ਅਤੇ ਖ਼ੈਬਰ ਪਖ਼ਤੂਨਖ਼ਵਾ ਦੇ ਵੱਖ-ਵੱਖ ਹਿੱਸੇ ਸ਼ਾਮਲ ਹਨ। ਭੂਚਾਲ ਦੇ ਸਭ ਤੋਂ ਤੇਜ਼ ਖ਼ੈਬਰ ਪਖ਼ਤੂਨਖ਼ਵਾ ਦੇ ਹੇਠਲੇ ਦੀਰ, ਬਾਜੌਰ, ਮਲਕੰਦ, ਨੌਸ਼ੇਰਾ, ਦੀਰ ਬਾਲਾ, ਸ਼ਬਕਦਰ ਅਤੇ ਮੋਹਮੰਦ ਖੇਤਰਾਂ ਵਿਚ ਆਏ, ਜਿਸ ਕਾਰਨ ਵਸਨੀਕਾਂ ਵਿਚ ਭਾਰੀ ਦਹਿਸ਼ਤ ਫੈਲ ਗਈ। ਹੁਣ ਤੱਕ, ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।
ਪਿਛਲੇ ਸ਼ਨਿੱਚਰਵਾਰ ਨੂੰ ਪਾਕਿਸਤਾਨ ਦੀ ਰਾਜਧਾਨੀ ਅਤੇ ਖ਼ੈਬਰ ਪਖ਼ਤੂਨਖ਼ਵਾ ਅਤੇ ਲਹਿੰਦੇ ਪੰਜਾਬ ਦੇ ਕੁਝ ਹਿੱਸਿਆਂ ਵਿਚ 5.5 ਸ਼ਿੱਦਤ ਵਾਲੇ ਭੂਚਾਲ ਤੋਂ ਬਾਅਦ ਇਹ ਇੱਕ ਹਫ਼ਤੇ ਵਿਚ ਦੂਜਾ ਭੂਚਾਲ ਸੀ।
ਸ੍ਰੀਨਗਰ: ਅਧਿਕਾਰੀਆਂ ਨੇ ਕਿਹਾ ਕਿ ਸ਼ਨੀਵਾਰ ਨੂੰ ਅਫਗਾਨਿਸਤਾਨ ਵਿਚ ਕੇਂਦਰ ਵਾਲੇ ਦਰਮਿਆਨੀ ਸ਼ਿੱਦਤ ਦੇ ਭੂਚਾਲ ਦੇ ਝਟਕੇ ਜੰਮੂ-ਕਸ਼ਮੀਰ ਵਿਚ ਵੀ ਮਹਿਸੂਸ ਕੀਤੇ ਗਏ ਪਰ ਇਸ ਕਾਰਨ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਅਧਿਕਾਰੀਆਂ ਨੇ ਕਿਹਾ ਕਿ ਇਸ ਕਾਰਨ ਲੋਕਾਂ ਵਿਚ ਦਹਿਸ਼ਤ ਫੈਲ ਗਈ।