ਪਿਛਲੇ ਸਾਲ ਦਰਜ ਹੋਇਆ ਸੀ ਇਰਾਦਾ ਕਤਲ ਦਾ ਕੇਸ
ਜ਼ੀਰਾ, 3 ਅਪ੍ਰੈਲ (ਪੰਜਾਬ ਮੇਲ)- ਜ਼ਿਲ੍ਹਾ ਸੈਸ਼ਨ ਕੋਰਟ ਫ਼ਿਰੋਜ਼ਪੁਰ ਵੱਲੋਂ ਸਾਬਕਾ ਵਿਧਾਇਕ ਅਤੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਸਣੇ ਅੱਠ ਜਣਿਆਂ ਨੂੰ ਇਰਾਦਾ ਕਤਲ ਦੇ ਕੇਸ ਵਿਚੋਂ ਬਰੀ ਕਰ ਦਿੱਤਾ ਗਿਆ ਹੈ। ਇਸ ਸਬੰਧੀ ਕੁਲਬੀਰ ਸਿੰਘ ਜ਼ੀਰਾ ਨੇ ਦੱਸਿਆ ਕਿ ਉਨ੍ਹਾਂ ਦੇ ਚਾਚਾ ਮਹਿੰਦਰਜੀਤ ਸਿੰਘ ਜ਼ੀਰਾ ਦਾ ਪਿੰਡ ਬੱਗੀ ਪਤਨੀ ‘ਚ 10 ਏਕੜ ਜ਼ਮੀਨ ਦੇ ਮਾਮਲੇ ‘ਚ ਪਿੰਡ ਦੇ ਵਿਅਕਤੀ ਗੁਰਲਾਲ ਸਿੰਘ ਨਾਲ ਝਗੜਾ ਚੱਲ ਰਿਹਾ ਸੀ। ਇਸ ਕਾਰਨ ਦੋਵਾਂ ਧਿਰਾਂ ਦੀ ਲੜਾਈ ਦੌਰਾਨ ਗੁਰਲਾਲ ਸਿੰਘ ਜ਼ਖ਼ਮੀ ਹੋ ਗਿਆ ਸੀ। ਉਸ ਨੂੰ ਡੀ.ਐੱਮ.ਸੀ. ਹਸਪਤਾਲ ਲੁਧਿਆਣਾ ਵਿਚ ਰੈਫਰ ਕੀਤਾ ਗਿਆ ਸੀ। ਇਸ ਤੋਂ ਬਾਅਦ ਕੁਲਬੀਰ ਸਿੰਘ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਸਣੇ ਅੱਠ ਜਣਿਆਂ ਨੂੰ ਇਸ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਸੀ। ਉਨ੍ਹਾਂ ਵਿਰੁੱਧ ਥਾਣਾ ਸਦਰ ਜ਼ੀਰਾ ਵਿਚ 6 ਜੂਨ 2024 ਨੂੰ ਕੇਸ ਦਰਜ ਕੀਤਾ ਗਿਆ ਸੀ।
ਜ਼ੀਰਾ ਨੇ ਦੱਸਿਆ ਕਿ ਪਰਿਵਾਰ ਨਾਲ ਰਾਜ਼ੀਨਾਮਾ ਹੋਣ ਤੋਂ ਬਾਅਦ ਬੁੱਧਵਾਰ ਨੂੰ ਸੈਸ਼ਨ ਕੋਰਟ ਦੇ ਜੱਜ ਵਰਿੰਦਰ ਅਗਰਵਾਲ ਵੱਲੋਂ ਉਨ੍ਹਾਂ ਸਣੇ ਮਹਿੰਦਰਜੀਤ ਸਿੰਘ, ਡਾ. ਰਛਪਾਲ ਸਿੰਘ, ਕਰਨੈਲ ਸਿੰਘ, ਮਹਿਕਦੀਪ ਸਿੰਘ, ਬਲਵਿੰਦਰ ਸਿੰਘ, ਬੂਟਾ ਸਿੰਘ, ਕੁਲਬੀਰ ਸਿੰਘ ਟਿੰਮੀ ਨੂੰ ਇਸ ਕੇਸ ਵਿਚੋਂ ਬਰੀ ਕਰ ਦਿੱਤਾ ਗਿਆ ਹੈ। ਜ਼ੀਰਾ ਨੇ ਕਿਹਾ ਕਿ ਸਰਕਾਰ ਦੇ ਦਬਾਅ ਹੇਠ ਉਨ੍ਹਾਂ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਗਿਆ ਸੀ ਜਦੋਂਕਿ ਇਸ ਵਿਵਾਦ ਦੌਰਾਨ ਉਹ ਜ਼ੀਰਾ ਵਿਚ ਮੌਜੂਦ ਹੀ ਨਹੀਂ ਸਨ। ਉਨ੍ਹਾਂ ਕਿਹਾ ਕਿ ਜਿੱਤ ਹਮੇਸ਼ਾ ਸੱਚ ਦੀ ਹੁੰਦੀ ਹੈ।
ਮਜੀਠੀਆ ਦੀ ਸੁਰੱਖਿਆ ਘਟਾਈ, ਵਾਪਸ ਨਹੀਂ ਲਈ : ਸਪੈਸ਼ਲ ਡੀ.ਜੀ.ਪੀ.
ਸਾਬਕਾ ਮੰਤਰੀ ਦੀ ਸੁਰੱਖਿਆ ਵਾਪਸ ਲਏ ਜਾਣ ਦੇ ਦਾਅਵਿਆਂ ਨੂੰ ਰੱਦ ਕਰਦੇ ਹੋਏ ਪੰਜਾਬ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਘਟਾਈ ਗਈ ਹੈ। ਅਧਿਕਾਰੀ ਦਾ ਇਹ ਬਿਆਨ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਦੇ ਉਸ ਦਾਅਵੇ ਤੋਂ ਬਾਅਦ ਆਇਆ ਹੈ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਪੰਜਾਬ ਸਰਕਾਰ ਨੇ ਮਜੀਠੀਆ ਦੀ ਜ਼ੈੱਡ-ਪਲੱਸ ਸੁਰੱਖਿਆ ਵਾਪਸ ਲੈ ਲਈ ਹੈ। ਵਿਸ਼ੇਸ਼ ਡਾਇਰੈਕਟਰ ਜਨਰਲ ਆਫ਼ ਪੁਲਿਸ (ਕਾਨੂੰਨ ਅਤੇ ਵਿਵਸਥਾ) ਅਰਪਿਤ ਸ਼ੁਕਲਾ ਨੇ ਕਿਹਾ ਕਿ ਮਜੀਠੀਆ ਦੀ ਸੁਰੱਖਿਆ ਵਾਪਸ ਲਏ ਜਾਣ ਦੀਆਂ ਰਿਪੋਰਟਾਂ ਸਹੀ ਨਹੀਂ ਹਨ। ਉਨ੍ਹਾਂ ਕਿਹਾ ਕਿ ਸੁਰੱਖਿਆ ਕਵਰ ਖ਼ਤਰੇ ਦੇ ਆਧਾਰ ‘ਤੇ ਪ੍ਰਦਾਨ ਕੀਤਾ ਜਾਂਦਾ ਹੈ।
ਉਨ੍ਹਾਂ ਕਿਹਾ, ”ਇਕ ਸੁਰੱਖਿਆ ਸਮੀਖਿਆ ਕਮੇਟੀ ਸਮੇਂ-ਸਮੇਂ ‘ਤੇ ਇਸਦੀ ਸਮੀਖਿਆ ਕਰਦੀ ਹੈ ਅਤੇ ਖ਼ਤਰੇ ਦੀ ਧਾਰਨਾ ਦੇ ਆਧਾਰ ‘ਤੇ ਸੁਰੱਖਿਆ ਵਧਾਉਣ ਜਾਂ ਘਟਾਉਣ ਦਾ ਫੈਸਲਾ ਕਰਦੀ ਹੈ।” ਅਧਿਕਾਰੀ ਨੇ ਕਿਹਾ ਕਿ ਤਾਜ਼ਾ ਮੀਟਿੰਗ ਵਿਚ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ ‘ਤੇ ਮਜੀਠੀਆ ਦੀ ਸੁਰੱਖਿਆ ਘਟਾ ਦਿੱਤੀ ਗਈ ਹੈ ਅਤੇ ਹੁਣ ਵੀ ਉਨ੍ਹਾਂ ਕੋਲ ਸੁਰੱਖਿਆ ਹੈ, ਜਿਸ ਵਿਚ ਇਕ ਐਸਕਾਰਟ ਵਾਹਨ ਅਤੇ ਗੰਨਮੈਨ ਕਾਫ਼ੀ ਗਿਣਤੀ ਵਿਚ ਹਨ।