#Featured

ਅਦਾਲਤ ਨੇ ਮੂਸੇਵਾਲਾ ਦੇ ਪਰਿਵਾਰ ਕੋਲੋਂ ਮੰਗਿਆ ਰਿਕਾਰਡ

-ਮਾਮਲੇ ਦੀ ਸੁਣਵਾਈ 8 ਫਰਵਰੀ ਤੱਕ ਮੁਲਤਵੀ
ਮਾਨਸਾ, 24 ਜਨਵਰੀ (ਪੰਜਾਬ ਮੇਲ)- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੀ ਸੁਣਵਾਈ ਦੌਰਾਨ ਮਾਨਸਾ ਦੀ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਵਿਚ 24 ਮੁਲਜ਼ਮਾਂ ਨੇ ਪੇਸ਼ੀ ਭੁਗਤੀ। ਇਨ੍ਹਾਂ ਵਿਚੋਂ 21 ਜਣਿਆਂ ਨੇ ਵੀਡੀਓ ਕਾਨਫਰੰਸਿੰਗ ਅਤੇ 3 ਜਣਿਆਂ ਨੇ ਨਿੱਜੀ ਤੌਰ ‘ਤੇ ਅਦਾਲਤ ‘ਚ ਪੇਸ਼ੀ ਭੁਗਤੀ, ਜਦੋਂਕਿ ਇੱਕ ਹੋਰ ਮੁਲਜ਼ਮ ਤਿਹਾੜ ਜੇਲ੍ਹ ‘ਚ ਬੰਦ ਹੋਣ ਕਾਰਨ ਉਸ ਨਾਲ ਸੰਪਰਕ ਨਹੀਂ ਹੋਇਆ। ਵਕੀਲ ਸਤਿੰਦਰਪਾਲ ਸਿੰਘ ਮਿੱਤਲ ਨੇ ਦੱਸਿਆ ਕਿ ਅਦਾਲਤ ਨੇ ਕਤਲ ਕੇਸ ਨਾਲ ਸਬੰਧਤ ਸਿੱਧੂ ਮੂਸੇਵਾਲਾ ਦੇ ਪਰਿਵਾਰ ਤੋਂ ਕੁਝ ਰਿਕਾਰਡ ਮੰਗਿਆ ਹੈ, ਜਿਸ ਨੂੰ ਅਗਲੀ ਪੇਸ਼ੀ ‘ਤੇ ਪੇਸ਼ ਕੀਤਾ ਜਾਵੇਗਾ।
ਜ਼ਿਲ੍ਹਾ ਤੇ ਸੈਸ਼ਨ ਜੱਜ ਪ੍ਰੀਤੀ ਸਾਹਨੀ ਦੀ ਅਦਾਲਤ ਨੇ ਮਾਮਲੇ ਦੀ ਸੁਣਵਾਈ 8 ਫਰਵਰੀ ਤੱਕ ਮੁਲਤਵੀ ਕਰ ਦਿੱਤੀ ਹੈ। ਪੰਜਾਬ ਅਤੇ ਹੋਰ ਰਾਜਾਂ ਦੀਆਂ ਵੱਖ-ਵੱਖ ਜੇਲ੍ਹਾਂ ‘ਚ ਬੰਦ 21 ਮੁਲਜ਼ਮਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿਚ ਪੇਸ਼ ਕੀਤਾ ਗਿਆ। ਮੁਲਜ਼ਮ ਕਪਿਲ ਪੰਡਤ, ਅਰਸ਼ਦ ਖਾਨ, ਸਚਿਨ ਭਿਵਾਨੀ ਨਿੱਜੀ ਤੌਰ ‘ਤੇ ਪੇਸ਼ ਹੋਏ, ਜਦੋਂ ਕਿ ਤਿਹਾੜ ਜੇਲ੍ਹ ਵਿਚ ਬੰਦ ਗੈਂਗਸਟਰ ਸਚਿਨ ਬਿਸ਼ਨੋਈ ਨਾਲ ਤਕਨੀਕੀ ਕਾਰਨਾਂ ਕਰਕੇ ਸੰਪਰਕ ਨਹੀਂ ਹੋ ਸਕਿਆ। ਅਦਾਲਤ ਵਿਚ ਪੁੱਜੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਉਮੀਦ ਹੈ ਕਿ ਜਲਦੀ ਹੀ ਦੋਸ਼ ਆਇਦ ਕੀਤੇ ਜਾਣਗੇ ਅਤੇ ਨਿਆਂ ਮਿਲੇਗਾ ਪਰ ਉਹ ਸਰਕਾਰ ਤੋਂ ਬਹੁਤ ਨਿਰਾਸ਼ ਹਨ। ਉਨ੍ਹਾਂ ਕਿਹਾ ਕਿ 10 ਮਹੀਨਿਆਂ ਬਾਅਦ ਵੀ ਪੰਜਾਬ ਸਰਕਾਰ ਚੁੱਪ ਹੈ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦੇ ਮਾਮਲੇ ਦੀ ਜ਼ਿੰਮੇਵਾਰੀ ਤੈਅ ਨਹੀਂ ਕਰ ਰਹੀ। ਇਸ ਮਾਮਲੇ ਵਿਚ ਸਰਕਾਰ ਨਾ ਸਿਰਫ਼ ਲਾਪ੍ਰਵਾਹੀ ਦਿਖਾ ਰਹੀ ਹੈ ਸਗੋਂ ਗੈਂਗਸਟਰਾਂ ਦੀ ਮਦਦ ਕਰਦੀ ਨਜ਼ਰ ਆ ਰਹੀ ਹੈ। ਜ਼ਿਕਰਯੋਗ ਹੈ ਕਿ ਮੂਸੇਵਾਲਾ ਦੀ ਪਿਛਲੇ ਸਾਲ 29 ਮਈ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਚ ਛੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ।