#AMERICA

ਅਦਾਲਤ ਨੇ ਨੈਨਸੀ ਪੇਲੋਸੀ ਦੇ ਪਤੀ ‘ਤੇ ਹਥੌੜੇ ਨਾਲ ਵਾਰ ਕਰਨ ਵਾਲੇ ਨੂੰ ਮੰਨਿਆ ਦੋਸ਼ੀ

-ਘਰ ‘ਚ ਵੜ ਕੇ ਕੀਤਾ ਸੀ ਹਮਲਾ
ਸਾਨ ਫਰਾਂਸਿਸਕੋ, 24 ਜੂਨ (ਪੰਜਾਬ ਮੇਲ)- ਅਮਰੀਕਾ ਦੀ ਇਕ ਅਦਾਲਤ ਨੇ ਪ੍ਰਤੀਨਿਧੀ ਸਭਾ ਦੀ ਸਾਬਕਾ ਪ੍ਰਧਾਨ ਨੈਨਸੀ ਪੇਲੋਸੀ ਦੇ ਪਤੀ ‘ਤੇ ਹਥੌੜੇ ਨਾਲ ਹਮਲਾ ਕਰਨ ਦੇ ਦੋਸ਼ੀ ਡੇਵਿਡ ਡੇਪੇਪ ਨੂੰ ਸ਼ੁੱਕਰਵਾਰ ਨੂੰ ਅਗਵਾ ਦੇ ਇਕ ਮਾਮਲੇ ‘ਚ ਵੀ ਦੋਸ਼ੀ ਕਰਾਰ ਦਿੱਤਾ। ਅਗਵਾ ਦੇ ਮਾਮਲੇ ‘ਚ ਅਦਾਲਤ ਦੋਸ਼ੀ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਸਕਦੀ ਹੈ। ਸਾਨ ਫਰਾਂਸਿਸਕੋ ਦੀ ਇਕ ਜੂਰੀ ਨੇ ਡੇਪੇਪ ਨੂੰ ਚੋਰੀ, ਇਕ ਬਜ਼ੁਰਗ ਨੂੰ ਬੰਧਕ ਬਣਾਉਣ, ਸਰਕਾਰੀ ਅਧਿਕਾਰੀ ਦੇ ਪਰਿਵਾਰਕ ਮੈਂਬਰ ਨੂੰ ਧਮਕਾਉਣ ਅਤੇ ਗਵਾਹ ਨੂੰ ਗੁੰਮਰਾਹ ਕਰਨ ਦਾ ਵੀ ਦੋਸ਼ੀ ਪਾਇਆ। ਸਾਲ 2022 ‘ਚ ਨੈਨਸੀ ਪੇਲੋਸੀ ਦੇ ਪਤੀ ਪਾਲ ਪੇਲੋਸੀ ‘ਤੇ ਹਮਲਾ ਕਰਨ ਦੇ ਮਾਮਲੇ ‘ਚ ਇਕ ਜੱਜ ਵਲੋਂ ਡੇਪੇਪ ਨੂੰ ਪਿਛਲੇ ਮਹੀਨੇ ਸਜ਼ਾ ਸੁਣਾਏ ਜਾਣ ਤੋਂ ਬਾਅਦ ਉਸ ਨੂੰ ਹੋਰ ਦੋਸ਼ਾਂ ਲਈ ਦੋਸ਼ੀ ਕਰਾਰ ਦਿੱਤਾ ਹੈ ਅਤੇ ਇਸ ਲਈ ਪੈਰੋਲ ਦੀ ਛੋਟ ਦੇ ਬਿਨਾਂ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ।
ਪਾਲ ਪੇਲੋਸੀ ‘ਤੇ ਹਮਲਾ ਕਰਨ ਦੇ ਮਾਮਲੇ ‘ਚ ਅਦਾਲਤ ਨੇ ਡੇਪੇਪ ਨੂੰ 30 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਸੀ। ਡੇਪੇਪੇ ਦੇ ਸਰਕਾਰੀ ਵਕੀਲ ਏਡਮ ਲਿਪਸਨ ਨੇ ਕਿਹਾ ਕਿ ਉਹ ਇਸ ਫ਼ੈਸਲੇ ਖ਼ਿਲਾਫ਼ ਅਪੀਲ ਕਰਨ ਦੀ ਤਿਆਰੀ ਕਰ ਰਹੇ ਹਨ। ਪੇਲੋਸੀ ਦੇ ਦਫ਼ਤਰ ਨੇ ਸ਼ੁੱਕਰਵਾਰ ਨੂੰ ਇਕ ਈਮੇਲ ਰਾਹੀਂ ਜਾਰੀ ਕੀਤੇ ਬਿਆਨ ‘ਚ ਕਿਹਾ, ”ਨੈਨਸੀ ਪੇਲੋਸੀ ਅਤੇ ਉਨ੍ਹਾਂ ਦਾ ਪਰਿਵਾਰ ਪਾਲ ਪੇਲੋਸੀ ਦੇ ਇਕ ਮੁਕੱਦਮੇ ‘ਚ ਮੁੜ ਤੋਂ ਗਵਾਹੀ ਦੇਣ ਦੇ ਬਹਾਦਰੀ ਪੂਰਨ ਕਦਮ ਤੋਂ ਹੈਰਾਨ ਹੈ। ਪਾਲ ਨੇ ਹਮਲੇ ਦੀ ਰਾਤ ਆਪਣੀ ਜਾਨ ਬਚਾਉਣ ਲਈ ਵੀ ਇਸੇ ਤਰ੍ਹਾਂ ਦੀ ਬਹਾਦਰੀ ਦਿਖਾਈ ਸੀ।”