#INDIA

ਅਡਾਨੀ-ਹਿੰਡਨਬਰਗ ਮਾਮਲਾ; Supreme Court ਨੇ SEBI ਨੂੰ ਬਾਕੀ ਮਾਮਲਿਆਂ ਦੀ ਜਾਂਚ ਲਈ ਦਿੱਤਾ 3 ਮਹੀਨੇ ਦਾ ਸਮਾਂ

ਨਵੀਂ ਦਿੱਲੀ, 3 ਜਨਵਰੀ (ਪੰਜਾਬ ਮੇਲ)- ਅਡਾਨੀ-ਹਿੰਡਨਬਰਗ ਮਾਮਲੇ ‘ਚ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਆਪਣਾ ਫ਼ੈਸਲਾ ਸੁਣਾ ਦਿੱਤਾ ਹੈ। ਸੁਪਰੀਮ ਕੋਰਟ ਨੇ 2 ਮਾਮਲਿਆਂ ਦੀ ਜਾਂਚ ਲਈ ਸੇਬੀ ਨੂੰ 3 ਮਹੀਨਿਆਂ ਦਾ ਹੋਰ ਸਮਾਂ ਦਿੱਤਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਅਡਾਨੀ ਹਿੰਡਨਬਰਗ ਮਾਮਲੇ ਦੀ ਜਾਂਚ ਸੇਬੀ ਤੋਂ ਐੱਸ.ਆਈ.ਟੀ. ਨੂੰ ਤਬਦੀਲ ਕਰਨ ਦਾ ਕੋਈ ਆਧਾਰ ਨਹੀਂ ਹੈ। ਅਦਾਲਤ ਨੇ ਕਿਹਾ ਹੈ ਕਿ ਸੇਬੀ ਦੀ ਜਾਂਚ ਵਿਚ ਹੁਣ ਤੱਕ ਕੋਈ ਖਾਮੀ ਨਹੀਂ ਪਾਈ ਗਈ ਹੈ।
ਦੱਸ ਦੇਈਏ ਕਿ ਸੁਪਰੀਮ ਕੋਰਟ ਨੇ ਪਿਛਲੇ ਸਾਲ ਨਵੰਬਰ ‘ਚ ਇਸ ਮਾਮਲੇ ‘ਤੇ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਜਨਵਰੀ 2023 ਵਿਚ ਅਮਰੀਕੀ ਸ਼ਾਰਟ ਸੇਲ ਫਰਮ ਹਿੰਡਨਬਰਗ ਦੁਆਰਾ ਅਡਾਨੀ ਸਮੂਹ ਦੀਆਂ ਕੰਪਨੀਆਂ ‘ਤੇ ਕਥਿਤ ਬੇਨਿਯਮੀਆਂ ਦਾ ਦੋਸ਼ ਲਗਾਇਆ ਗਿਆ ਸੀ। ਇਸ ਤੋਂ ਬਾਅਦ ਅਡਾਨੀ ਗਰੁੱਪ ਦੇ ਸ਼ੇਅਰਾਂ ‘ਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਸੀ।
ਚੀਫ਼ ਜਸਟਿਸ ਨੇ ਕਿਹਾ ਕਿ ਸੇਬੀ ਨੇ 22 ਵਿਚੋਂ 20 ਮਾਮਲਿਆਂ ਵਿਚ ਆਪਣੀ ਜਾਂਚ ਪੂਰੀ ਕਰ ਲਈ ਹੈ। ਉਨ੍ਹਾਂ ਨੇ ਕਿਹਾ, ‘ਸਾਲੀਸਿਟਰ ਜਨਰਲ ਦੇ ਭਰੋਸੇ ਨੂੰ ਧਿਆਨ ਵਿਚ ਰੱਖਦੇ ਹੋਏ, ਅਸੀਂ ਸੇਬੀ ਨੂੰ ਹੋਰ ਦੋ ਮਾਮਲਿਆਂ ਵਿਚ 3 ਮਹੀਨਿਆਂ ਦੇ ਅੰਦਰ ਜਾਂਚ ਪੂਰੀ ਕਰਨ ਦਾ ਨਿਰਦੇਸ਼ ਦਿੰਦੇ ਹਾਂ।’ ਸੇਬੀ ਦੇ ਰੈਗੂਲੇਟਰੀ ਢਾਂਚੇ ਵਿਚ ਦਖਲ ਦੇਣ ਦੀਆਂ ਅਦਾਲਤਾਂ ਦੀਆਂ ਸ਼ਕਤੀਆਂ ਸੀਮਤ ਹਨ। ਐੱਫ.ਪੀ.ਆਈ. ਅਤੇ ਐੱਲਓਡੀਆਰ ਨਿਯਮਾਂ ‘ਤੇ ਆਪਣੀਆਂ ਸੋਧਾਂ ਨੂੰ ਰੱਦ ਕਰਨ ਲਈ ਸੇਬੀ ਨੂੰ ਨਿਰਦੇਸ਼ ਦੇਣ ਦਾ ਕੋਈ ਜਾਇਜ਼ ਆਧਾਰ ਨਹੀਂ ਸੀ।