#PUNJAB

ਅਕਾਲੀ ਦਲ ਵੱਲੋਂ ਰੱਖੀਆਂ ਸ਼ਰਤਾਂ ਮੰਨਣ ਤੋਂ ਭਾਜਪਾ ਕਰ ਰਹੀ ਟਾਲ-ਮਟੋਲ!

ਫ਼ਿਰੋਜ਼ਪੁਰ, 25 ਮਾਰਚ (ਪੰਜਾਬ ਮੇਲ)- ਲੋਕ ਸਭਾ ਚੋਣਾਂ ਸਿਰ ‘ਤੇ ਹੋਣ ਕਾਰਨ ਸਭ ਦੀਆਂ ਨਜ਼ਰਾਂ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਸੰਭਾਵੀ ਗੱਠਜੋੜ ‘ਤੇ ਟਿਕੀਆਂ ਹੋਈਆਂ ਹਨ। ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਇਸ ਵੇਲੇ ਦੋਵਾਂ ਪਾਰਟੀਆਂ ਦਰਮਿਆਨ ਸਮਝੌਤਾ ਕਰਵਾਉਣ ਲਈ ਹਰ ਸੰਭਵ ਯਤਨ ਕਰ ਰਹੇ ਹਨ ਪਰ ਅਕਾਲੀ ਦਲ ਵੱਲੋਂ ਰੱਖੀਆਂ ਸ਼ਰਤਾਂ ਮੰਨਣ ਲਈ ਭਾਜਪਾ ਆਗੂ ਫ਼ਿਲਹਾਲ ਟਾਲ-ਮਟੋਲ ਕਰ ਰਹੇ ਹਨ। ਗੱਠਜੋੜ ਸਿਰੇ ਚੜ੍ਹੇਗਾ ਜਾਂ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ ਪਰ ਦੋਵਾਂ ਪਾਰਟੀਆਂ ਦੇ ਆਗੂ ਗੱਠਜੋੜ ਨੂੰ ਲੈ ਕੇ ਹੋਣ ਵਾਲੇ ਨਫ਼ੇ ਨੁਕਸਾਨ ਦਾ ਮੁਲਾਂਕਣ ਕਰਨ ਵਿਚ ਰੁੱਝੇ ਹੋਏ ਹਨ। ਪਿਛਲੇ ਦਿਨੀਂ ਚੰਡੀਗੜ੍ਹ ਵਿਚ ਹੋਈ ਅਕਾਲੀ ਦਲ ਦੀ ਮੀਟਿੰਗ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਗੱਠਜੋੜ ਦਾ ਫ਼ੈਸਲਾ ਉਹ ਸਾਰਿਆਂ ਦੀ ਰਾਏ ਨਾਲ ਕਰਨਗੇ। ਇਹ ਵੀ ਲਗਪਗ ਤੈਅ ਹੈ ਕਿ ਸੁਖਬੀਰ ਇਸ ਵਾਰ ਫ਼ਿਰੋਜ਼ਪੁਰ ਤੋਂ ਚੋਣ ਨਹੀਂ ਲੜਣਗੇ। ਫ਼ਿਰੋਜ਼ਪੁਰ ਲੋਕ ਸਭਾ ਸੀਟ ‘ਤੇ ਹੁਣ ਤੱਕ ਅਕਾਲੀ ਦਲ 12 ਵਿਚੋਂ ਸੱਤ ਵਾਰ ਜੇਤੂ ਰਿਹਾ ਹੈ ਪਰ ਇਸ ਵਾਰ ਦਿੱਲੀ ਦਾ ਰਾਹ ਸੁਖਾਲਾ ਜਾਪਦਾ ਨਹੀਂ ਦਿਖਦਾ। ਸੁਖਬੀਰ ਮਗਰੋਂ ਅਕਾਲੀ ਦਲ ਨੂੰ ਇਥੋਂ ਵੱਡਾ ਚਿਹਰਾ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਨਜ਼ਰ ਆ ਰਿਹਾ ਹੈ, ਹਾਲਾਂਕਿ ਸੇਖੋਂ ਚੋਣ ਲੜਣ ਤੋਂ ਕਿਨਾਰਾ ਕਰਦੇ ਦਿਖ ਰਹੇ ਹਨ। ਪਾਰਟੀ ਨੇ ਇਸ ਦਾ ਤੋੜ ਵੀ ਲੱਭ ਲਿਆ ਹੈ। ਸੇਖੋਂ ਵੱਲੋਂ ਇਨਕਾਰ ਕਰਨ ਦੀ ਸੂਰਤ ਵਿਚ ਪਾਰਟੀ ਕਾਂਗਰਸ ਦੇ ਸਾਬਕਾ ਵਿਧਾਇਕ ਨੂੰ ਚੋਣ ਲੜਾ ਸਕਦੀ ਹੈ। ਆਰਥਿਕ ਪੱਖੋਂ ਮਜ਼ਬੂਤ ਇਸ ਉਮੀਦਵਾਰ ਦੀ ਸ਼ਰਤ ਇਹ ਹੈ ਕਿ ਉਹ ਭਾਜਪਾ ਨਾਲ ਗੱਠਜੋੜ ਸਿਰੇ ਚੜ੍ਹਨ ਤੋਂ ਬਾਅਦ ਹੀ ਹਾਂ ਕੀਤੀ ਜਾਵੇਗੀ ਤੇ ਕਾਂਗਰਸ ਪਾਰਟੀ ਨੂੰ ਛੱਡ ਕੇ ਅਕਾਲੀ ਦਲ ‘ਚ ਸ਼ਾਮਲ ਹੋ ਜਾਵੇਗਾ।