#PUNJAB

ਅਕਾਲੀ ਦਲ ਨੇ ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂਮਾਜਰਾ ਸਮੇਤ 8 ਵੱਡੇ ਆਗੂਆਂ ਨੂੰ ਪਾਰਟੀ ‘ਚੋਂ ਕੱਢਿਆ

– ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚੱਲਦੇ ਅਕਾਲੀ ਦਲ ‘ਚੋਂ ਬਾਹਰ ਕੱਢਣ ਦਾ ਲਿਆ ਫੈਸਲਾ
– ਅਨੁਸ਼ਾਸਨੀ ਕਮੇਟੀ ਨੇ ਸੁਖਦੇਵ ਸਿੰਘ ਢੀਂਡਸਾ ਬਾਰੇ ਚੁੱਪ ਵੱਟੀ
ਚੰਡੀਗੜ੍ਹ, 31 ਜੁਲਾਈ (ਪੰਜਾਬ ਮੇਲ)-ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਤੋਂ ਨਰਾਜ਼ ਚੱਲ ਰਹੇ ਆਗੂਆਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ 8 ਵੱਡੇ ਆਗੂਆਂ ਨੂੰ ਪਾਰਟੀ ‘ਚੋਂ ਬਾਹਰ ਕੱਢ ਦਿੱਤਾ ਹੈ। ਇਨ੍ਹਾਂ ਵਿਚ ਗੁਰਪ੍ਰਤਾਪ ਸਿੰਘ ਵਡਾਲਾ, ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂਮਾਜਰਾ, ਪਰਮਿੰਦਰ ਸਿੰਘ ਢੀਂਡਸਾ, ਸਿਕੰਦਰ ਸਿੰਘ ਮਲੂਕਾ, ਸੁਰਜੀਤ ਸਿੰਘ ਰੱਖੜਾ, ਸੁਰਿੰਦਰ ਸਿੰਘ ਠੇਕੇਦਾਰ ਤੇ ਚਰਨਜੀਤ ਸਿੰਘ ਬਰਾੜ ਦੇ ਨਾਂ ਸ਼ਾਮਲ ਹਨ। ਇਹ ਕਾਰਵਾਈ ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਵੱਲੋਂ ਕੀਤੀ ਗਈ ਹੈ, ਜਿਸ ਨੇ ਇਨ੍ਹਾਂ ਅੱਠ ਆਗੂਆਂ ਦੀ ਮੁੱਢਲੀ ਮੈਂਬਰਸ਼ਿਪ ਖਾਰਜ ਕਰ ਦਿੱਤੀ ਹੈ। ਪਾਰਟੀ ਨੇ 7 ਵਿਧਾਨ ਸਭਾ ਹਲਕਿਆਂ ਦੇ ਮੌਜੂਦਾ ਹਲਕਾ ਇੰਚਾਰਜਾਂ ਨੂੰ ਵੀ ਹਟਾ ਦਿੱਤਾ ਹੈ।
ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿਚ ਸ਼੍ਰੋਮਣੀ ਅਕਾਲੀ ਦੀ ਅਨੁਸ਼ਾਸਨੀ ਕਮੇਟੀ ਦੀ ਮੀਟਿੰਗ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਹੇਠ ਹੋਈ, ਜਿਸ ਵਿਚ ਕਮੇਟੀ ਮੈਂਬਰ ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਗੁਲਜ਼ਾਰ ਸਿੰਘ ਰਣੀਕੇ (ਟੈਲੀਫੋਨ ਰਾਹੀਂ) ਸ਼ਾਮਲ ਹੋਏ। ਉਨ੍ਹਾਂ ਪਾਰਟੀ ਦੇ ਕੁਝ ਸੀਨੀਅਰ ਆਗੂਆਂ ਵੱਲੋਂ ਕੀਤੀਆਂ ਜਾ ਰਹੀਆਂ ਪਾਰਟੀ ਵਿਰੋਧੀ ਕਾਰਵਾਈਆਂ ਬਾਰੇ ਚਰਚਾ ਕੀਤੀ। ਅਨੁਸ਼ਾਸਨੀ ਕਮੇਟੀ ਨੇ ਵਿਚਾਰ-ਵਟਾਂਦਰੇ ਮਗਰੋਂ ਆਖਿਆ ਕਿ ਇਨ੍ਹਾਂ ਆਗੂਆਂ ਵੱਲੋਂ ਪਾਰਟੀ ਦੇ ਅਕਸ ਨੂੰ ਢਾਹ ਲਾਉਣ ਵਾਲੀਆਂ ਕਾਰਵਾਈਆਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ, ਜਿਸ ਕਾਰਨ ਉਕਤ ਆਗੂਆਂ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਹੈ। ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸ਼੍ਰੀ ਭੂੰਦੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਮੇਟੀ ਲੰਮੇ ਵਿਚਾਰ-ਵਟਾਂਦਰੇ ਮਗਰੋਂ ਇਸ ਨਿਚੋੜ ‘ਤੇ ਪਹੁੰਚੀ ਹੈ ਕਿ ਉਪਰੋਕਤ ਸਾਰੇ ਆਗੂਆਂ ਦਾ ਇੱਕੋ-ਇੱਕ ਮਕਸਦ ਪਾਰਟੀ ਦੇ ਦੁਸ਼ਮਣਾਂ ਦੀ ਸ਼ਹਿ ‘ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਹੈ। ਪਾਰਟੀ ਇਨ੍ਹਾਂ ਹਰਕਤਾਂ ਨੂੰ ਬਰਦਾਸ਼ਤ ਨਹੀਂ ਕਰੇਗੀ, ਇਸ ਲਈ ਉਪਰੋਕਤ ਆਗੂਆਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੀ ਵਰਕਿੰਗ ਕਮੇਟੀ ਵੱਲੋਂ ਬੀਤੀ 26 ਜੂਨ ਨੂੰ ਹੋਈ ਮੀਟਿੰਗ ਵਿਚ ਇੱਕ ਮਤਾ ਪਾਸ ਕਰ ਕੇ ਇਨ੍ਹਾਂ ਸਾਰੇ ਆਗੂਆਂ ਨੂੰ ਸੁਹਿਰਦਤਾ ਨਾਲ ਅਪੀਲ ਕੀਤੀ ਗਈ ਸੀ ਕਿ ਉਹ ਜੋ ਕੁਝ ਵੀ ਕਹਿਣਾ ਚਾਹੁੰਦੇ ਹਨ, ਪਾਰਟੀ ਫੋਰਮ ‘ਤੇ ਆ ਕੇ ਕਹਿਣ। ਜੇ ਉਹ ਮੀਟਿੰਗ ਵਿਚ ਗੱਲ ਕਰਨ ਦੀ ਬਜਾਇ ਬਾਹਰ ਮੀਡੀਆ ਵਿਚ ਜਾ ਕੇ ਪਾਰਟੀ ਨੂੰ ਢਾਹ ਲਾਉਣ ਲਈ ਝੂਠਾ ਭੰਡੀ ਪ੍ਰਚਾਰ ਕਰਦੇ ਹਨ, ਤਾਂ ਇਹ ਸਮਝਿਆ ਜਾਵੇਗਾ ਕਿ ਉਨ੍ਹਾਂ ਦਾ ਪਾਰਟੀ ਵਿਚ ਕੋਈ ਭਰੋਸਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨੇ ਪਾਰਟੀ ਖਿਲਾਫ਼ ਖੁੱਲ੍ਹ ਕੇ ਯੋਜਨਾਬੱਧ ਢੰਗ ਨਾਲ ਕੂੜ ਪ੍ਰਚਾਰ ਕੀਤਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਨੁਸ਼ਾਸਨ ਭੰਗ ਕਰਨ ਵਾਲਿਆਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।
ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਬਾਰੇ ਖਾਮੋਸ਼ ਦਿਖਾਈ ਦਿੱਤੀ, ਜਿਨ੍ਹਾਂ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਗਿਆ। ਹਾਲਾਂਕਿ, ਸੁਖਦੇਵ ਸਿੰਘ ਢੀਂਡਸਾ ਵੀ ਪਾਰਟੀ ਤੋਂ ਨਾਰਾਜ਼ ਚੱਲ ਰਹੇ ਹਨ। ਉਨ੍ਹਾਂ ਦੇ ਘਰ ਕਈ ਵਾਰ ਨਾਰਾਜ਼ ਆਗੂਆਂ ਦੀਆਂ ਮੀਟਿੰਗਾਂ ਹੋਈਆਂ ਅਤੇ ਉਹ ਵੀ ਕਈ ਵਾਰ ਇਨ੍ਹਾਂ ਆਗੂਆਂ ਦੀਆਂ ਮੀਟਿੰਗਾਂ ਵਿਚ ਦਿਖਾਈ ਦਿੱਤੇ, ਪਰ ਇਸ ਦੇ ਬਾਵਜੂਦ ਅਨੁਸ਼ਾਸਨੀ ਕਮੇਟੀ ਨੇ ਉਨ੍ਹਾਂ ਦੇ ਨਾਂ ‘ਤੇ ਚੁੱਪ ਵੱਟੀ ਰੱਖੀ। ਇਸ ਸਬੰਧੀ ਕਈ ਤਰ੍ਹਾਂ ਦੇ ਚਰਚੇ ਚੱਲ ਰਹੇ ਹਨ।