#PUNJAB

ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਦੇ ਭਾਜਪਾ ‘ਚ ਜਾਣ ਦੇ ਆਸਾਰ!

ਬਠਿੰਡਾ, 25 ਅਪ੍ਰੈਲ (ਪੰਜਾਬ ਮੇਲ)- ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਮੌਜੂਦਾ ਚੋਣ ਪ੍ਰਚਾਰ ਮੁਹਿੰਮ ਵਿਚ ਹੁਣ ਤੱਕ ਦੀ ਗ਼ੈਰ-ਮੌਜੂਦਗੀ ਸ਼੍ਰੋਮਣੀ ਅਕਾਲੀ ਦਲ ਲਈ ਚੁਣੌਤੀ ਬਣ ਸਕਦੀ ਹੈ। ਉਨ੍ਹਾਂ ਨੂੰ ਵਿਧਾਨ ਸਭਾ ਹਲਕਾ ਮੌੜ ਤੋਂ ਪਾਰਟੀ ਹਲਕਾ ਇੰਚਾਰਜ ਦੇ ਅਹੁਦੇ ਤੋਂ ਪਾਸੇ ਕੀਤੇ ਜਾਣ ਬਾਅਦ ਸਾਬਕਾ ਕੈਬਨਿਟ ਮੰਤਰੀ ਮਲੂਕਾ ਨੇ ਆਪਣੀਆਂ ਸਿਆਸੀ ਸਰਗਰਮੀਆਂ ਨੂੰ ਰੋਕ ਦਿੱਤਾ ਹੈ। ਹਾਲਾਂਕਿ ਉਨ੍ਹਾਂ ਦਾ ਜੱਦੀ ਪਿੰਡ ਮਲੂਕਾ ਵਿਧਾਨ ਸਭਾ ਹਲਕਾ ਰਾਮਪੁਰਾ, ਫ਼ਰੀਦਕੋਟ ਲੋਕ ਸਭਾ ਹਲਕੇ ਵਿਚ ਪੈਂਦਾ ਹੈ, ਪਰ ਬੀਤੇ ਦਿਨੀਂ ਇਸ ਹਲਕੇ ‘ਚ ਆਏ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਾਜਵਿੰਦਰ ਸਿੰਘ ਧਰਮਕੋਟ ਦੇ ਪ੍ਰਚਾਰ ਸਮਾਗਮ ਵਿਚ ਵੀ ਉਨ੍ਹਾਂ ਦੀ ਗ਼ੈਰ-ਹਾਜ਼ਰੀ ਰੜਕਦੀ ਰਹੀ।
ਇਥੋਂ ਤੱਕ ਕਿ ਸਿਕੰਦਰ ਸਿੰਘ ਮਲੂਕਾ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਹੋਈ ਚੋਣ ਮੈਨੀਫੈਸਟੋ ਕਮੇਟੀ ਵਿਚ ਵੀ ਸ਼ਾਮਲ ਨਹੀਂ ਹੋਏ, ਹਾਲਾਂਕਿ ਉਹ ਇਸ ਕਮੇਟੀ ਦੇ ਮੈਂਬਰ ਹਨ। 1997 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕਰਨ ਵਾਲੇ ਸਿਕੰਦਰ ਸਿੰਘ ਮਲੂਕਾ ਪਹਿਲੀ ਵਾਰ ਰਾਜ ਮੰਤਰੀ ਅਤੇ ਫਿਰ ਕੈਬਨਿਟ ਮੰਤਰੀ ਬਣੇ। ਭਾਵੇਂ ਸਿਕੰਦਰ ਸਿੰਘ ਮਲੂਕਾ 2002 ਅਤੇ 2007 ਵਿਚ ਚੋਣਾਂ ਹਾਰ ਗਏ ਸਨ ਪਰ 2007 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਸੀ। ਪਾਰਟੀ ਨੇ ਸਿਕੰਦਰ ਸਿੰਘ ਮਲੂਕਾ ਨੂੰ ਕਬੱਡੀ ਐਸੋਸੀਏਸ਼ਨ ਪੰਜਾਬ ਦਾ ਪ੍ਰਧਾਨ ਬਣਾਇਆ ਸੀ, ਜਿਨ੍ਹਾਂ ਦੀ ਅਗਵਾਈ ਹੇਠ ਦਸ ਸਾਲ ਵਿਸ਼ਵ ਕਬੱਡੀ ਕੱਪ ਕਰਵਾਇਆ ਗਿਆ, ਜਿਸ ਸਦਕਾ ਸਿਕੰਦਰ ਸਿੰਘ ਮਲੂਕਾ ਦੀ ਬਠਿੰਡਾ, ਮਾਨਸਾ ਅਤੇ ਆਸ-ਪਾਸ ਦੇ ਜ਼ਿਲ੍ਹਿਆਂ ਵਿਚ ਚੰਗੀ ਪਕੜ ਹੈ। ਇਸ ਤੋਂ ਇਲਾਵਾ ਸਿਕੰਦਰ ਸਿੰਘ ਮਲੂਕਾ ਲੰਮਾ ਸਮਾਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਵੀ ਰਹੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੈਬਨਿਟ ਮੰਤਰੀ ਤੋਂ ਇਲਾਵਾ ਕਈ ਅਹਿਮ ਅਹੁਦਿਆਂ ‘ਤੇ ਕੰਮ ਕਰ ਚੁੱਕੇ ਹਨ, ਜਿਸ ਕਾਰਨ ਉਨ੍ਹਾਂ ਦਾ ਜਨਤਕ ਆਧਾਰ ਵੀ ਚੰਗਾ ਹੈ।
ਦੂਜੇ ਪਾਸੇ ਇਕ ਸਮਾਗਮ ਵਿਚ ਬੋਲਦਿਆਂ ਹਲਕਾ ਰਾਮਪੁਰਾ ਫੂਲ ਦੇ ਅਕਾਲੀ ਹਲਕਾ ਇੰਚਾਰਜ ਹਰਿੰਦਰ ਸਿੰਘ ‘ਹਿੰਦਾ ਮਹਿਰਾਜ’ ਨੇ ਕਿਹਾ ਕਿ ਸਿਕੰਦਰ ਸਿੰਘ ਮਲੂਕਾ ਕਿਸੇ ਨਿੱਜੀ ਕੰਮ ਕਾਰਨ ਬਾਹਰ ਗਏ ਹੋਏ ਹਨ, ਉਹ ਅਗਲੀਆਂ ਮੀਟਿੰਗਾਂ ਵਿਚ ਜ਼ਰੂਰ ਹਾਜ਼ਰ ਹੋਣਗੇ। ਸਿਕੰਦਰ ਸਿੰਘ ਮਲੂਕਾ ਦੇ ਕਰੀਬੀ ਸੂਤਰਾਂ ਦਾ ਦਾਅਵਾ ਹੈ ਕਿ ਮਲੂਕਾ ਆਉਣ ਵਾਲੇ ਦਿਨਾਂ ਵਿਚ ਭਾਜਪਾ ਵਿਚ ਸ਼ਾਮਲ ਹੋ ਸਕਦੇ ਹਨ ਕਿਉਂਕਿ ਉਨ੍ਹਾਂ ਦੀ ਨੂੰਹ ਅਤੇ ਪੁੱਤਰ ਪਹਿਲਾਂ ਹੀ ਭਾਜਪਾ ਵਿਚ ਸ਼ਾਮਲ ਹੋ ਚੁੱਕੇ ਹਨ ਅਤੇ ਉਨ੍ਹਾਂ ਦੀ ਨੂੰਹ ਪਰਮਪਾਲ ਕੌਰ ਬਠਿੰਡਾ ਤੋਂ ਹਰਸਿਮਰਤ ਬਾਦਲ ਖ਼ਿਲਾਫ਼ ਭਾਜਪਾ ਦੀ ਟਿਕਟ ‘ਤੇ ਚੋਣ ਲੜ ਰਹੀ ਹੈ। ਉਨ੍ਹਾਂ ਦੇ ਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਅਤੇ ਉਨ੍ਹਾਂ ਦੀ ਨੂੰਹ ਦੇ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਅਕਾਲੀ ਦਲ ਨੇ ਸਿਕੰਦਰ ਸਿੰਘ ਮਲੂਕਾ ਦੀ ਥਾਂ ਜਨਮੇਜਾ ਸਿੰਘ ਸੇਖੋਂ ਨੂੰ ਮੌੜ ਪਾਰਟੀ ਦਾ ਇੰਚਾਰਜ ਲਾਇਆ, ਉਦੋਂ ਤੋਂ ਮਲੂਕਾ ਚੋਣ ਪ੍ਰਚਾਰ ਤੋਂ ਗ਼ੈਰਹਾਜ਼ਰ ਹਨ।