#AMERICA

ਅਕਾਲੀ ਦਲ ਦੀ ਨਵੀਂ ਭਰਤੀ ਮੁਹਿੰਮ ਪ੍ਰਤੀ ਸਿੱਖ ਕੌਮ ਅੰਦਰ ਉਤਸ਼ਾਹ : ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ

ਸੈਕਰਾਮੈਂਟੋ, 26 ਮਾਰਚ (ਅਸ਼ੋਕ ਭੌਰਾ/ਪੰਜਾਬ ਮੇਲ)- ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਅੱਜਕੱਲ੍ਹ ਅਮਰੀਕਾ ਦੌਰੇ ‘ਤੇ ਹਨ ਤੇ ਉਹ ਵੱਖ-ਵੱਖ ਪੰਥਕ ਸ਼ਖਸੀਅਤਾਂ ਨੂੰ ਉਚੇਚਾ ਮਿਲ ਰਹੇ ਹਨ। ਇਨ੍ਹਾਂ ਮਿਲਣੀਆਂ ਦੌਰਾਨ ਸਿੱਖ ਪੰਥ ਵਿਚ ਪਿਛਲੇ ਕੁਝ ਮਹੀਨਿਆਂ ‘ਚ ਹੋਏ ਧਾਰਮਿਕ ਤੇ ਰਾਜਸੀ ਘਟਨਾਕ੍ਰਮ ਬਾਰੇ ਚਰਚਾ ਅਕਸਰ ਪ੍ਰਮੁੱਖ ਵਿਸ਼ਾ ਰਹਿੰਦੀ ਹੈ। ਅਮਰੀਕਾ ਦੇ ਉੱਘੇ ਸਿੱਖ ਵਕੀਲ ਜਸਪ੍ਰੀਤ ਸਿੰਘ ਹੋਰਾਂ ਦੇ ਐਲਕ ਗਰੋਵ ਸਥਿਤ ਰਿਹਾਇਸ਼ ‘ਤੇ ਗਿਆਨੀ ਹਰਪ੍ਰੀਤ ਸਿੰਘ ਜੀ ਉਚੇਚਾ ਪਹੁੰਚੇ ਤੇ ਉਨ੍ਹਾਂ ਨੇ ਪੰਥ ਦੇ ਮੌਜੂਦਾ ਸੰਕਟ ਬਾਰੇ ਵਿਸਥਾਰ ‘ਚ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਪੰਜ ਮੈਂਬਰੀ ਕਮੇਟੀ ਦੀ ਅਗਵਾਈ ‘ਚ ਅਕਾਲੀ ਦਲ ਦੀ ਨਵੀਂ ਭਰਤੀ ਮੁਹਿੰਮ ਪ੍ਰਤੀ ਸਿੱਖ ਕੌਮ ਅੰਦਰ ਉਤਸਾਹ ਹੈ ਤੇ ਭਵਿੱਖ ਵਿਚ ਇਸ ਦੇ ਚੰਗੇ ਨਤੀਜੇ ਨਿਕਲਣ ਦੀ ਵੀ ਸੰਭਾਵਨਾ ਹੈ।
ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਟਾਲਾ ਵੱਟਦਿਆਂ ਕਿਹਾ ਕਿ ਵਕਤ ਆਉਣ ‘ਤੇ ਜ਼ਰੂਰ ਆਪਣੇ ਵਿਚਾਰ ਸਾਂਝੇ ਕਰਾਂਗਾ ਕਿ ਕਿਸ ਤਰ੍ਹਾਂ ਦੀਆਂ ਸਥਿਤੀਆਂ ‘ਚੋਂ ਉਨ੍ਹਾਂ ਨੂੰ ਲੰਘਣਾ ਪਿਆ ਹੈ, ਪਰਦੇ ਪਿੱਛੇ ਕੀ ਸੀ। ਪਰ ਉਨ੍ਹਾਂ ਇਸ ਗੱਲ ‘ਤੇ ਜ਼ੋਰ ਦੇ ਕੇ ਕਿਹਾ ਕਿ ਉਹ ਗੁਰਬਾਣੀ ਤੇ ਕੀਰਤਨ ਨਾਲ ਧੁਰ ਅੰਦਰੋਂ ਜੁੜੇ ਹੋਏ ਹਨ ਤੇ ਉਹ ਆਪਣੇ ਇਸ ਕਾਰਜ ਨੂੰ ਭਵਿੱਖ ਵਿਚ ਗੁਰੂ ਦੀ ਸੇਵਾ ਲਈ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਨਿੱਜੀ ਫੇਰੀ ਹੈ ਤੇ ਉਹ ਅਕਸਰ ਅਮਰੀਕਾ ਆਉਂਦੇ-ਜਾਂਦੇ ਵੀ ਰਹਿੰਦੇ ਹਨ।
ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਨੇ ਕਿਹਾ ਕਿ ਉਹ ਵੱਖ-ਵੱਖ ਪੰਥਕ ਸ਼ਖਸੀਅਤਾਂ ਨੂੰ ਅਕਸਰ ਮਿਲਦੇ ਰਹਿੰਦੇ ਹਨ ਤੇ ਪੰਥਕ ਹਲਕਿਆਂ ਵਿਚ ਉਨ੍ਹਾਂ ਦੀ ਗੱਲ ਨੂੰ ਸੁਣਿਆ ਵੀ ਧਿਆਨ ਨਾਲ ਜਾਂਦਾ ਹੈ ਤੇ ਗਿਆਨੀ ਹਰਪ੍ਰੀਤ ਸਿੰਘ ਹੋਰੀਂ ਜਦੋਂ ਵੀ ਅਮਰੀਕਾ ਆਉਂਦੇ ਹਨ, ਤਾਂ ਉਚੇਚਾ ਉਨ੍ਹਾਂ ਨੂੰ ਮਿਲ ਕੇ ਜਾਂਦੇ ਹਨ। ਸਿੱਖ ਕੌਮ ਅੰਦਰ ਪਿਛਲੇ ਦਿਨੀਂ ਵਾਪਰੀਆਂ ਘਟਨਾਵਾਂ ਬਾਰੇ ਜਸਪ੍ਰੀਤ ਸਿੰਘ ਨੇ ਕਿਹਾ ਕਿ ਇਹ ਮੰਦਭਾਗੀਆਂ ਹਨ ਤੇ ਸਿੱਖ ਕੌਮ ਵਿਚ ਇਸ ਵੇਲੇ ਏਕੇ ਦੀ ਲੋੜ ਹੈ। ਸਭ ਤੋਂ ਵੱਡੀ ਗੱਲ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਰ ਤਖਤ ਸਹਿਬਾਨ ਦਾ ਮਾਣ-ਸਨਮਾਨ ਕਰਨਾ, ਹੁਕਮ ਮੰਨਣਾ ਹਰ ਸਿੱਖ ਦਾ ਮੁੱਢਲਾ ਫਰਜ਼ ਹੈ। ਇਸ ਮੌਕੇ ‘ਤੇ ਗੁਰਦੁਆਰਾ ਸੰਤ ਸਾਗਰ ਦੇ ਸੇਵਾਦਾਰ ਸ. ਨਰਿੰਦਰ ਪਾਲ ਸਿੰਘ ਹੁੰਦਲ ਨੇ ਕਿਹਾ ਕਿ ਉਨ੍ਹਾਂ ਨੇ ਸਿੰਘ ਸਾਹਿਬ ਨੂੰ ਉਚੇਚੇ ਤੌਰ ‘ਤੇ ਬੁਲਾ ਕੇ ਸੰਗਤ ਵੱਲੋਂ ‘ਅਕਾਲੀ ਫੂਲਾ ਸਿੰਘ ਅਵਾਰਡ’ ਨਾਲ ਸਨਮਾਨਿਤ ਕੀਤਾ ਹੈ ਤੇ ਇਸ ਸਨਮਾਨ ਦੇ ਉਹ ਹੱਕਦਾਰ ਸਨ, ਕਿਉਂਕਿ ਪਿਛਲੇ ਵਕਫੇ ‘ਚ ਉਨ੍ਹਾਂ ਵਲੋਂ ਨਿਭਾਈਆਂ ਦਲੇਰਾਨਾ ਸੇਵਾਵਾਂ ਨੂੰ ਹਮੇਸ਼ਾ ਯਾਦ ਕੀਤੀ ਜਾਂਦਾ ਰਹੇਗਾ। ਸ਼ਿਕਾਗੋ ਤੋਂ ਉਚੇਚਾ ਪੁੱਜੇ ਸੰਤ ਬਾਬਾ ਦਲਜੀਤ ਸਿੰਘ ਸ਼ਿਕਾਗੋ ਵਾਲਿਆਂ ਨੇ ਕਿਹਾ ਕਿ ਜਿਥੇ ਉਹ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਸੇਵਾ ਦੇ ਕਦਰਦਾਨ ਹਨ, ਉਥੇ ਪੰਥ ਦੇ ਭਲੇ ਲਈ ਵੀ ਹਮੇਸ਼ਾਂ ਅੱਗੇ ਰਹੇ ਹਨ ਤੇ ਰਹਿਣਗੇ ਵੀ। ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਸ. ਨਰਿੰਦਰ ਸਿੰਘ ਥਾਂਦੀ (ਪ੍ਰਧਾਨ ਗੁਰਦੁਆਰਾ ਵੈਸਟ ਸੈਕਰਾਮੈਂਟੋ), ਗੁਰਜਤਿੰਦਰ ਸਿੰਘ ਰੰਧਾਵਾ, ਉੱਘੇ ਸਿੱਖ ਵਿਦਵਾਨ ਅਤੇ ਕਈ ਪੁਸਤਕਾਂ ਦੇ ਲੇਖਕ ਸਰਦਾਰ ਜਸਪ੍ਰੀਤ ਸਿੰਘ ਅਟਾਰਨੀ ਦੇ ਪਿਤਾ ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਾਬਕ ਜਸਟਿਸ ਮੇਵਾ ਸਿੰਘ ਵੀ ਹਾਜ਼ਰ ਸਨ।