-ਅਕਾਲੀ ਦਲ ਵੱਲੋਂ 4 ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਲੜਨ ਦਾ ਵੀ ਲਿਆ ਫੈਸਲਾ
ਜਲੰਧਰ, 7 ਅਗਸਤ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਮੀਟਿੰਗ ਸੱਦੀ ਗਈ। ਇਸ ਦੌਰਾਨ ਬਾਗੀ ਧੜੇ ਖਿਲਾਫ ਐਕਸ਼ਨ ਪਲਾਨ ਤਿਆਰ ਕੀਤਾ ਗਿਆ ਹੈ, ਕਈ ਪ੍ਰੋਗਰਾਮ ਉਲੀਕੇ ਗਏ ਹਨ।
ਇਸ ਸਬੰਧੀ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਕੋਰ ਕਮੇਟੀ ਦੀ ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਆਉਣ ਵਾਲੇ ਲੰਬੇ ਸਮੇਂ ਦਾ ਏਜੰਡਾ ਤੈਅ ਕਰਨ ਵਾਸਤੇ ਤਿੰਨ ਰੋਜ਼ਾ ਜਨਰਲ ਡੈਲੀਗੇਟ ਇਜਲਾਸ ਸੱਦਿਆ ਗਿਆ ਹੈ, ਜੋ ਨਵੰਬਰ ਮਹੀਨੇ ਵਿਚ ਸ੍ਰੀ ਆਨੰਦਪੁਰ ਸਾਹਿਬ ਵਿਚ ਬੁਲਾਇਆ ਜਾਵੇਗਾ।
ਇਸ ਤੋਂ ਇਲਾਵਾ ਅਕਾਲੀ ਦਲ ਨੇ ਆਉਣ ਵਾਲੀਆਂ ਚਾਰ ਵਿਧਾਨ ਸਭਾ ਦੀਆਂ ਚਾਰ ਜ਼ਿਮਨੀ ਚੋਣਾਂ ਲੜਨ ਦਾ ਵੀ ਫੈਸਲਾ ਲਿਆ ਹੈ। ਇਸ ਸਬੰਧੀ ਚਾਰੇ ਹਲਕਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਪਾਰਟੀ ਦੇ ਸੀਨੀਅਰ ਲੀਡਰਾਂ ਦੀ ਡਿਊਟੀ ਲਾਈ ਜਾਵੇਗੀ। ਅਕਾਲੀ ਦਲ ਦੇ ਤਿੰਨ ਤੋਂ ਚਾਰ ਲੀਡਰ ਇੱਕ ਹਲਕੇ ‘ਚ ਅਬਜ਼ਰਵਰ ਲਗਾਏ ਜਾਣਗੇ, ਜੋ ਉਮੀਦਵਾਰਾਂ ਦੇ ਨਾਮ ਵੀ ਸੁਝਾਅ ਕਰੇਗਾ।
ਮੀਟਿੰਗ ‘ਚ ਫੈਸਲਾ ਹੋਇਆ ਹੈ ਕਿ ਅਕਾਲੀ ਦਲ ਦਾ ਪੰਥਕ ਏਜੰਡਾ ਜਿਵੇਂ ਕਿ ਪੰਜਾਬ ਤੇ ਦੇਸ਼ ਨੂੰ ਗੰਭੀਰ ਚੁਣੌਤੀਆਂ, ਜੋ ਸੂਬੇ ਦੀਆਂ ਚੁਣੌਤੀਆਂ, ਖੇਤੀ ਸੰਕਟ, ਵਾਤਾਵਰਨ ਦੀ ਹਾਲਤ ‘ਤੇ, ਸਿੱਖਿਆ ਅਤੇ ਸਿਹਤ ਵਾਸਤੇ ਕਿਹੜੀ ਪੌਲਿਸੀ ਹੋਣੀ ਚਾਹੀਦੀ, ਪੰਜਾਬ ਤੇ ਸਿੱਖ ਡਾਇਸਪੋਰਾ ਜੋ ਵਿਦੇਸ਼ਾਂ ‘ਚ ਬੈਠਾ ਹੈ, ਉਨ੍ਹਾਂ ਦੀਆਂ ਮੁਸ਼ਕਲਾਂ ਅਤੇ ਪੰਜਾਬੀ ਭਾਸ਼ਾ ਨੂੰ ਪ੍ਰਫੂਲਤ ਕਰਨ ਲਈ ਕੀ ਕੀਤਾ ਜਾ ਸਕਦਾ ਅਤੇ ਦਲਿਤਾਂ ਦੀਆਂ ਕੀ ਮੁਸ਼ਕਲਾਂ ਹਨ। ਇਨ੍ਹਾਂ ਸਾਰੇ ਮਸਲਿਆਂ ‘ਤੇ ਤਿੰਨ ਰੋਜ਼ਾ ਅਕਾਲੀ ਦਲ ਜਨਰਲ ਇਜਲਾਸ ਵਿਚ ਵਿਚਾਰਿਆ ਜਾਵੇਗਾ।